
ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੀ ਹੀ ਖ਼ੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦਵਾਰਾ ਬਾਉਲੀ ਸਾਹਿਬ ਜਗਨਨਾਥ ਪੁਰੀ ਉੜੀਸਾ........
ਅੰਮ੍ਰਿਤਸਰ : ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੀ ਹੀ ਖ਼ੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦਵਾਰਾ ਬਾਉਲੀ ਸਾਹਿਬ ਜਗਨਨਾਥ ਪੁਰੀ ਉੜੀਸਾ ਦਾ ਪ੍ਰਬੰਧ ਜਲਦ ਹੀ ਸਿੱਖਾਂ ਕੋਲ ਆ ਜਾਵੇਗਾ। ਇਸ ਲਈ ਜਗਨਨਾਥ ਟੈਪਲ ਟਰੱਸਟ ਵੀ ਤਿਆਰ ਹੈ ਕਿ ਇਹ ਅਸਥਾਨ ਜੋ ਕਿ ਗ਼ੈਰ ਸਿੱਖ ਵਸੋਂ ਵਾਲੇ ਸਥਾਨ ਜਗਨਨਾਥ ਪੁਰੀ ਉੜੀਸਾ ਵਿਚ ਸਥਿਤ ਹੈ, ਦਾ ਪੰ੍ਰਬਧ ਸਿੱਖ ਸੰਭਾਲ ਲੈਣ। ਇਸ ਤੋਂ ਪਹਿਲਾਂ ਜਗਨਨਾਥ ਪੁਰੀ ਦੇ ਲੋਕ ਇਸ ਅਸਥਾਨ ਨੂੰ ਬਾਉਲੀ ਮੱਠ ਦੇ ਨਾਮ ਨਾਲ ਜਾਣਦੇ ਹਨ ਤੇ ਸਾਰਾ ਪੰ੍ਰਬਧ ਉਦਾਸੀਨ ਸੰਪਰਦਾ ਬਾਉਲੀ ਮੱਠ ਵਲੋਂ ਕੀਤਾ ਜਾਂਦਾ ਹੈ।
ਉੜੀਸਾ ਦੇ ਧਰਮ ਗੁਰੂ ਜਾਣੇ ਜਾਂਦੇ ਜਗਨਨਾਥ ਟੈਪਲ ਟਰੱਸਟ ਦੇ ਮੁਖੀ ਗਜਪਤੀ ਮਹਾਰਾਜ ਨੇ ਇਸ ਲਈ ਅਪਣੀ ਸਹਿਮਤੀ ਪ੍ਰਦਾਨ ਕਰ ਦਿਤੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਮਾਮਲਾ ਪਿਛਲੇ ਕਾਫ਼ੀ ਸਮੇਂ ਤੋਂ ਸੁਪਰੀਮ ਕੋਰਟ ਵਿਚ ਚਲ ਰਿਹਾ ਸੀ ਤੇ ਇਸ ਵਿਚ ਤਿੰਨ ਧਿਰਾਂ ਜਗਨਨਾਥ ਟੈਂਪਲ ਟਰੱਸਟ, ਬਾਉਲੀ ਮੱਠ ਟਰੱਸਟ ਅਤੇ ਉੜੀਸਾ ਦੀਆਂ ਸਥਾਨ ਸਿੱਖ ਸੰਗਤਾਂ ਸ਼ਾਮਲ ਸਨ। ਸੁਪਰੀਮ ਕੋਰਟ ਨੇ ਪਿਛਲੇ ਸਮੇਂ ਵਿਚ ਫ਼ੈਸਲਾ ਸਿੱਖਾਂ ਦੇ ਹੱਕ ਵਿਚ ਦਿਤਾ ਜਿਸ ਨੂੰ ਸਾਰੀਆਂ ਧਿਰਾਂ ਨੇ ਸਵੀਕਾਰ ਕਰ ਲਿਆ। ਜਗਨਨਾਥ ਟੈਪਲ ਟਰੱਸਟ ਨੇ ਮਹਿਸੂਸ ਕੀਤਾ ਕਿ ਇਸ ਦਾ ਪ੍ਰਬੰਧ ਸਿੱਖਾਂ ਦੀ ਕਿਸੇ ਸੰਸਥਾ ਨੂੰ ਦਿਤਾ ਜਾਵੇ
ਤਾਕਿ ਇਸ ਅਸਥਾਨ ਦੀ ਚੰਗੇ ਢੰਗ ਨਾਲ ਸੇਵਾ ਸੰਭਾਲ ਹੋ ਸਕੇ। ਇਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਹੈ। ਜਗਨਨਾਥ ਟੈਂਪਲ ਟਰੱਸਟ ਵਲੋਂ ਧਰਮ ਗੁਰੂ ਗਜਪਤੀ ਮਹਾਰਾਜ ਚੀਫ਼ ਐਡਮਨਿਸਟੇਟਰ ਸੁਰੇਸ਼ ਕੁਮਾਰ ਅਤੇ ਡਿਪਟੀ ਕਮਿਸ਼ਨਰ ਪੁਰੀ ਦੀ ਇਕ ਮੀਟਿੰਗ ਡਾਕਟਰ ਰੂਪ ਸਿੰਘ ਮੁੱਖ ਸਕਤੱਰ ਸ਼੍ਰੋਮਣੀ ਕਮੇਟੀ, ਸ. ਸੁਰਜੀਤ ਸਿੰਘ ਭਿੱਟੇਵਿੰਡ ਮੈਂਬਰ ਅਤੇ ਸ. ਰਾਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਕਾਫ਼ੀ ਸਮਾਂ ਪਹਿਲਾ ਹੋ ਚੁਕੀ ਹੈ। ਜਗਨਨਾਥ ਟੈਪਲ ਟਰੱਸਟ ਦੇ ਕੁੱਝ ਅਧਿਕਾਰੀ ਅੰਮ੍ਰਿਤਸਰ ਵੀ ਆਏ ਸਨ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਦੇਖਿਆ ਤੇ ਸੰਤੁਸ਼ਟੀ ਜ਼ਾਹਰ ਕੀਤੀ ਸੀ।
ਇਸ ਮਾਮਲੇ 'ਤੇ ਅਹਿਮ ਭੂਮਿਕਾ ਸਥਾਨਕ ਤੌਰ 'ਤੇ ਬਣਾਈ ਗਈ ਇਕ ਕਮੇਟੀ ਵਿਚ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਸ. ਮੁਹਿੰਦਰ ਸਿੰਘ, ਭਾਈ ਹਿੰਮਤ ਸਿੰਘ ਖ਼ਾਲਸਾ ਟਰੱਸਟ ਦੇ ਭਾਈ ਜਗਜੀਤ ਸਿੰਘ ਅਤੇ ਪਾਲੀ ਹਿਲ ਦੇ ਸਤਪਾਲ ਸਿੰਘ ਸ਼ਾਮਲ ਰਹੇ ਨੇ ਨਿਭਾਈ। ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ ਅਗਵਾਈ ਵਿਚ ਜਲਦ ਹੀ ਬਾਉਲੀ ਮੱਠ ਦੇ ਨਾਮ ਨਾਲ ਜਾਣੇ ਜਾਂਦੇ ਅਸਥਾਨ ਦਾ ਨਾਮ ਗੁਰਦਵਾਰਾ ਬਾਉਲੀ ਸਾਹਿਬ ਦਾ ਪ੍ਰਬੰਧ ਪੰਥ ਕੋਲ ਹੋਵੇਗਾ।