
ਸਿੱਖ ਪੰਥ ਨੂੰ ਸਿਰਸਾ ਤੋਂ ਵਧੀਆ ਕੋਈ ‘ਵਕੀਲ’ ਮਿਲ ਹੀ ਨਹੀਂ ਸਕਦਾ : ਅਮਿਤ ਸ਼ਾਹ ਦਾ ਦਾਅਵਾ
ਨਵੀਂ ਦਿੱਲੀ (ਅਮਨਦੀਪ ਸਿੰਘ): ਸਿੱਖ ਮੰਗਾਂ ਦੇ ਨਾਂਅ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਤ ਕਰਨ ਦੇ ਬਹਾਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 2023 ਦੀਆਂ ਲੋਕ ਸਭਾ ਚੋਣਾਂ ਲਈ ਮੋਦੀ ਸਰਕਾਰ ਦੇ ਹੱਕ ਵਿਚ ਸਿੱਖਾਂ ਨੂੰ ਜੋੜਨ ਦੀ ਮੁਹਿੰਮ ਵਿੱਢ ਦਿਤੀ ਹੈ। ਇਥੋਂ ਦੇ ਪੂਸਾ ਵਿਖੇ ਬਣੇ ਹੋਏ ਇੰਡੀਅਨ ਕੌਂਸਲ ਆਫ਼ ਐਗ਼ਰੀਕਲਚਰਲ ਰਿਸਰਚ (ਆਈ ਸੀ ਏ ਆਰ- ਕੰਨਵੈਨਸ਼ਨ ਸੈਂਟਰ), ਟੋਡਾਪੁਰ ਵਿਖੇ ਸ਼ੁਕਰਵਾਰ ਨੂੰ ਹੋਏ ਸਮਾਗਮ ਵਿਚ ਜਿਥੇ ਭਾਜਪਾ ਦੇ ਨਵੇਂ ਬਣੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ
ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਸਾਬਕਾ ਐਮ ਪੀ ਤਰਲੋਚਨ ਸਿੰਘ ਨੇ ਮੋਦੀ ਸਰਕਾਰ ਤੇ ਅਮਿਤ ਸ਼ਾਹ ਦੇ ਸੋਹਲੇ ਪੜ੍ਹਦੇ ਹੋਏ ਕਿਹਾ ਕਿ ਪਿਛਲ਼ੇ ਸਾਢੇ ਨੌਂ ਸਾਲ ਵਿਚ ਜੋ ਕਾਰਜ ਮੋਦੀ ਸਰਕਾਰ ਨੇ ਸਿੱਖਾਂ ਲਈ ਕੀਤੇ ਹਨ, ਉਹ ਕਿਸੇ ਹੋਰ ਸਰਕਾਰ ਨੇ ਨਹੀਂ ਕੀਤੇ। ਸਮਾਗਮ ਵਿਚ ਸਿੱਖਾਂ ਦੀ ਭਰਵੀਂ ਹਾਜ਼ਰੀ ਤੋਂ ਬਾਗ਼ੋ ਬਾਗ਼ ਹੋਏ ਗ੍ਰਹਿ ਮੰਤਰੀ ਨੇ ਸਪਸ਼ਟ ਸੁਨੇਹਾ ਦੇ ਦਿਤਾ ਕਿ ਭਾਰਤ ਸਰਕਾਰ ਲਈ ਸਿੱਖਾਂ ਦੇ ਮੌਜੂਦਾ ਕਹਾਉਂਦੇ ਲੀਡਰਾਂ ਵਿਚੋਂ ਮਨਜਿੰਦਰ ਸਿੰਘ ਸਿਰਸਾ ਹੀ ਸਰਕਾਰ ਦੀ ਪਹਿਲੀ ਪਸੰਦ ਹੈ।
ਅਮਿਤ ਸ਼ਾਹ ਨੇ ਸਿਰਸਾ ਦੀ ਤਾਰੀਫ਼ ਕਰਦੇ ਹੋਏ ਇਥੋਂ ਤਕ ਕਹਿ ਦਿਤਾ,“ਪੰਥ ਕੋ ਇਸ (ਸਿਰਸਾ) ਸੇ ਅੱਛਾ ‘ਐਡਵੋਕੇਟ’ ਕਭੀ ਮਿਲ ਹੀ ਨਹੀਂ ਸਕਤਾ। ਯੇ ਸੱਭ ਸੇ ਅੱਛਾ ਹੈ। ਔਰ ਭਾਰਤੀਯ ਜਨਤਾ ਪਾਰਟੀ ਨੇ ਉਨਕੋ ਅਪਣੀ ਸੱਭ ਸੇ ਬੜੀ ਬੋਡੀ ਮੇਂ ਸੈਕਟਰੀ ਬਣਾਇਆ ਹੈ। ਸੰਗਤ ਨੇ ਤੋਂ ਬੇਚਾਰੇ ਕਾ ਸਨਮਾਨ ਨਹੀਂ ਕੀਆ, ਮਗਰ ਮੈਂ ਭੀ ਆਜ ਸੰਗਤ ਮੇਂ ਆਇਆ ਹੂੰ, ਤੋ ਸੰਗਤ ਕੀ ਔਰ ਸੇ ਮੈਂ ਜ਼ਰੂਰ ਸਿਰਸਾ ਜੀ ਕਾ ਸਨਮਾਨ ਕਰਨਾ ਚਾਹੁੰਗਾ।” ਫਿਰ ਉਨ੍ਹਾਂ ਇਕ ਸ਼ਾਲ ਨਾਲ ਸਿਰਸਾ ਨੂੰ ਸਨਮਾਨਤ ਕੀਤਾ।
ਇਹ ਪ੍ਰਸ਼ੰਸਾ ਸੁਣ ਕੇ ਸਿਰਸਾ ਨੇ ਖੜੇ ਹੋ ਕੇ ਸਿਰ ਨਿਵਾ ਕੇ, ਹੱਥ ਜੋੜ ਕੇ ਧਨਵਾਦ ਕੀਤਾ। ਉਨ੍ਹਾਂ ਸਿਰਸਾ ਨੂੰ ਆਉਣ ਵਾਲੇ ਸਮੇਂ ਵਿਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਵੀ ਕਹੀ। ਸਾਬਕਾ ਐਮ ਪੀ ਤਰਲੋਚਨ ਸਿੰਘ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਚੇਤਾ ਕਰਵਾਉਂਦਿਆਂ ਕਿਹਾ, “ਕਦੇ ਸੋਚਿਐ, ਇਸ ਗੱਲ ਨੂੰ। ਇਹ ਸਰਕਾਰ ਆਈ ਤਾਂ ਔਰੰਗ਼ਜ਼ੇਬ ਰੋਡ ਨਾਮ ਮਿਟ ਕੇ ਅਬਦੁੱਲ ਕਲਾਮ ਰੋਡ ਬਣਿਆ।
ਨੰਦੇੜ ਨੇੜੇ ਔਰੰਗਾਬਾਦ ਸ਼ਹਿਰ ਦਾ ਨਾਂ ਮਿੱਟਾ ਦਿਤਾ। ਇਹ ਹੈ ਸਾਡੀ ਤਿੰਨ ਸੌ ਸਾਲ ਦੀ ਲੜਾਈ ਕਿ ਔਰੰਗਜ਼ੇਬ ਦਾ ਖੁਰਾ ਖੋਜ ਮਿਟਾਇਆ ਜਾਵੇ। ਕਿੰਨੇ ਮਿਟਾਇਆ-ਹੋਮ ਮਨਿਸਟਰ ਦੀ ਸਰਕਾਰ ਨੇ। ਅਸਲ ਧਨਵਾਦ ਤੁਹਾਡਾ ਇਹ ਹੈ।” ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਮਿਤ ਸ਼ਾਹ ਨੂੰ ਮੁਖ਼ਾਤਬ ਹੋ ਕੇ ਕਿਹਾ,“ਸਰ! ਸ. ਮਨਜਿੰਦਰ ਸਿੰਘ ਸਿਰਸਾ ਜੀ ਕੋ, ਜੋ ਆਪਨੇ ਦੁਨੀਆਂ ਕੀ ਸੱਭ ਸੇ ਬੜੀ ਪੁਲੀਟੀਕਲ ਭਾਰਤੀ ਪਾਰਟੀ ਜਨਤਾ ਪਾਰਟੀ ਕਾ ਨੈਸ਼ਨਲ ਸੈਕਟਰੀ ਬਣਾਇਆ ਹੈ। ਯੇ ਹਮਾਰੇ ਸਿੱਖੋਂ ਕੇ ਲੀਏ ਬਹੁਤ ਮਾਣ ਕੀ ਬਾਤ ਹੈ।”
ਉਨ੍ਹਾਂ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਨੂੰ ਸਿੱਖਾਂ ਲਈ ਮੋਦੀ ਸਰਕਾਰ ਦਾ ਵੱਡਾ ਕਾਰ ਦਸਿਆ। ਹਰਮੀਤ ਸਿੰਘ ਕਾਲਕਾ ਨੇ ਕਿਹਾ,“ਪਹਿਲੀਆਂ ਕਮੇਟੀਆਂ (ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ) ਸਰਕਾਰਾਂ ਕੋਲ ਅਪਣੇ ਮੁਫ਼ਾਦ ਸਰ ਕਰਦੀਆਂ ਰਹੀਆਂ ਹਨ, ਕਿਸੇ ਨੇ ਕੌਮ ਦੇ ਹਿਤ ਵਿਚ ਕੰਮ ਨਹੀਂ ਕੀਤੇ- ਸਰਕਾਰਾਂ ਦੇ ਸਹਿਯੋਗੀ ਬਣੀਏ।”