
ਕੌਮ ਪਿਛਲੇ ਸਾਢੇ ਛੇ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਜੂਝ ਰਹੀ ਹੈ ਪਰ ਸਿਆਸੀ ਲੋਕਾਂ ਨੇ ਰੱਜ ਕੇ ਸਿਆਸਤ ਕੀਤੀ
ਕੋਟਕਪੂਰਾ (ਗੁਰਿੰਦਰ ਸਿੰਘ) : ਸ਼ਹੀਦ ਭਾਈ ਚੜਤ ਸਿੰਘ ਰਾਊਕੇ ਦੇ ਸਪੁੱਤਰ ਕੁਲਵੰਤ ਸਿੰਘ ਰਾਊਕੇ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮੋਗਾ ਨੇ ਬਹਿਬਲ ਇਨਸਾਫ਼ ਮੋਰਚੇ ਦੇ 31ਵੇਂ ਦਿਨ ਹਾਜ਼ਰੀ ਭਰਦਿਆਂ ਦਾਅਵਾ ਕੀਤਾ ਕਿ ਹਰ ਸਾਲ ਬਹਿਬਲ ਗੋਲੀਕਾਂਡ ਦੀ ਹੀ ਨਹੀਂ ਬਲਕਿ ਮਰ ਚੁਕੇ ਇਨਸਾਫ਼ ਦੀ ਵੀ ਬਰਸੀ ਮਨਾਈ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸਾਢੇ ਛੇ ਸਾਲ ਤੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਸੰਗਤਾਂ ਮੰਗ ਰਹੀਆਂ ਹਨ ਪਰ ਸਰਕਾਰਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ।
Behbal Kalan Golikand
ਭਾਈ ਰਾਊਕੇ ਨੇ ਕਿਹਾ ਕਿ ਕੌਮ ਪਿਛਲੇ ਸਾਢੇ ਛੇ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਜੂਝ ਰਹੀ ਹੈ ਪਰ ਸਿਆਸੀ ਲੋਕਾਂ ਵਲੋਂ ਰੱਜ ਕੇ ਸਿਆਸਤ ਕੀਤੀ ਗਈ, ਇਸ ਇਨਸਾਫ਼ ਲਈ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਬਾਪੂ ਸਾਧੂ ਸਿੰਘ ਸਰਾਵਾਂ ਵਲੋਂ ਬਹਿਬਲ ਸ਼ਹੀਦੀ ਗੇਟ ਵਿਖੇ ਇਨਸਾਫ਼ ਮੋਰਚਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮੋਰਚੇ ਵਿਚ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਇੰਡੀਅਨ ਸਟੇਟ ਸਿੱਖਾਂ ਦੇ ਮਸਲਿਆਂ ’ਤੇ ਕੰਨ ਧਰਨ ਦੀ ਥਾਂ ਉਨ੍ਹਾਂ ਨਾਲ ਦੁਸ਼ਮਣ ਦੇਸ਼ ਦੀਆਂ ਫ਼ੌਜਾਂ ਤੋਂ ਵੀ ਵੱਧ ਨਫ਼ਰਤੀ ਢੰਗ ਨਾਲ ਪੇਸ਼ ਆ ਰਹੀ ਹੈ। ਉਨ੍ਹਾਂ ਆਖਿਆ ਕਿ ਪਿਛਲੇ 30 ਤੋਂ ਲੈ ਕੇ 40 ਸਾਲ ਤਕ ਦੀਆਂ ਕੈਦਾਂ ਭੁਗਤ ਰਹੇ ਸਿੱਖ ਕੈਦੀਆਂ ਦੀ ਰਿਹਾਈ ’ਤੇ ਕੋਈ ਸੁਣਵਾਈ ਨਹੀਂ ਕਰ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਮਹਿੰਦਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ (ਅ), ਜਥੇਦਾਰ ਕਸ਼ਮੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਹਰੀਨੌਂ, ਅਮਨਦੀਪ ਸਿੰਘ ਪੰਜਗਰਾਂਈ ਵਾਰਿਸ ਪੰਜਾਬ ਦੇ, ਗੁਰਸੇਵਕ ਸਿੰਘ ਭਾਣਾ, ਬਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਰੋਮਾਣਾ ਆਦਿ ਵੀ ਹਾਜ਼ਰ ਸਨ।