
Panthak News: ਜਥੇਦਾਰ ਗਿ. ਰਘਬੀਰ ਸਿੰਘ ਦੇ ਵਿਦੇਸ਼ ਤੋਂ 17 ਫ਼ਰਵਰੀ ਨੂੰ ਵਾਪਸ ਵਤਨ ਪਰਤਣਗੇ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਪੰਥ ਲਈ 18 ਫ਼ਰਵਰੀ ਦਾ ਖ਼ਾਸ ਦਿਨ ਬਣਨ ਦੀ ਸੰਭਾਵਨਾ ਹੈ। ਇਸ ਦਿਨ, ਵਿਵਾਦਤ ਤੇ ਚਰਚਿਤ ਬੈਠਕ, 7 ਮੈਂਬਰੀ ਕਮੇਟੀ ਦੀ ਹੋਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਦੇ ਵਿਦੇਸ਼ ਤੋਂ 17 ਫ਼ਰਵਰੀ ਨੂੰ ਵਾਪਸ ਵਤਨ ਪਰਤਣਗੇ। ਸਿੱਖ ਪੰਥ ਦੀ ਸਿਆਸਤ ਤੋਂ ਵਾਕਫ਼ ਮਾਹਰਾਂ ਅਨੁਸਾਰ, ਇਹ ਪਹਿਲੀ ਵਾਰ ਹੈ ਕਿ ਪੰਥਕ ਰਾਜਨੀਤੀ ਇਕ ਤਰ੍ਹਾਂ ਮਜ਼ਾਕ ਬਣ ਗਈ ਹੈ।
ਕਦੇ ਪ੍ਰਧਾਨ, ਕਦੇ ਭੂੰਦੜ ਸਾਹਿਬ ਦੇ ਨਿਜੀ ਰੁਝੇਵੇਂ ਨਿਸ਼ਚਤ ਮਿਤੀ ’ਤੇ ਆਉਣੇ, ਆਮ ਹੋ ਗਏ ਹਨ। ਪਿਛਲੇ ਕਰੀਬ 5-6 ਮਹੀਨਿਆਂ ਤੋਂ ਇਹੋ ਕੁੱਝ ਚਲ ਰਿਹਾ ਹੈ। ਜਥੇਦਾਰ ਸਾਹਿਬ ਦਾ ਸੰਕਟ ਦੌਰਾਨ ਵਿਦੇਸ਼ ਜਾਣਾ ਵੀ ਕਈ ਸ਼ੰਕੇ ਪੈਦਾ ਕਰ ਰਿਹਾ ਹੈ। ਇਹ ਬੜੀ ਅਚੰਭੇ ਵਾਲੀ ਸਥਿਤੀ ਹੈ ਕਿ ਬਾਦਲ ਦਲ 20 ਫ਼ਰਵਰੀ ਨੂੰ, ਇਕ ਮਹੀਨੇ ਤੋਂ ਆਰੰਭੀ ਭਰਤੀ ਮੁਹਿੰਮ ਮੁਕੰਮਲ ਕਰ ਰਿਹਾ ਹੈ। ਅਜਿਹੇ ਹਾਲਾਤ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਬਣਾਈ ਗਈ, ਸੱਤ ਮੈਂਬਰੀ ਕਮੇਟੀ ਦੀ ਵੁਕਤ ਕੀ ਰਹਿ ਗਈ ਹੈ। ਇਹ ਬੜਾ ਔਖਾ ਸਵਾਲ ਹੈ ਜੋ ਵਿਵਾਦ ਪੈਦਾ ਕਰਨ ਵਾਲਾ ਹੈ।
ਮਾਹਰਾਂ ਮੁਤਾਬਕ ਆਰ-ਪਾਰ ਦਾ ਤਿੱਖਾ ਘੋਲ ਅਤੇ ਛਿੜਿਆ ਵਾਦ-ਵਿਵਾਦ ਕਿਸੇ ਤਨ ਪਤਨ ਲੱਗ ਜਾਣ ਦੀ ਸੰਭਾਵਨਾ ਹੈ। ਦੂਸਰਾ ਜਥੇਦਾਰ ਗਿ. ਰਘਬੀਰ ਸਿੰਘ ਵਲੋਂ ਗਿ. ਹਰਪ੍ਰੀਤ ਸਿੰਘ ਦੀ ਅਸੂਲਣ, ਹਿਮਾਇਤ ਵਿਚ ਆਉਣ ਨਾਲ, ਸਿੱਖ ਪੰਥ ਦੀ ਸਮੁੱਚੀ ਧਾਰਮਕ, ਰਾਜਨੀਤਕ ਤੇ ਸਮਾਜਕ ਤਸਵੀਰ ਇਕਦਮ ਬਦਲ ਗਈ ਹੈ। ਇਸ ਨਾਲ ਸੱਭ ਕਿਆਸ ਅਰਾਈਆਂ ਨੂੰ ਠੱਲ੍ਹ ਪੈ ਗਈ ਹੈ ਜਿਹੜੀਆਂ ਜਥੇਦਾਰ ਸਾਹਿਬ ਦੇ ਰੋਲ ਤੇ ਸ਼ੱਕ ਦੀ ਨਜ਼ਰ ਵਿਚ ਆ ਰਹੀਆਂ ਸਨ।
ਉਪਰੰਤ ਸਿੱਖ ਪੰਥ ਦੇ ਹਲਕੇ, ਖ਼ਾਸ ਕਰ ਕੇ, ਦਲ ਖ਼ਾਲਸਾ, ਬਾਬਾ ਬਲਬੀਰ ਸਿੰਘ, ਅਕਾਲ ਪੁਰਖ ਦੀ ਫ਼ੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਕੇਸ ਸੰਭਾਲ ਸੰਸਥਾ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਗੁੰਮਟਾਲਾ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਆਦਿ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਪ੍ਰੰਪਰਾਵਾਂ, ਮਰਿਆਦਾ ਨਾਲ ਡਟ ਕੇ ਖੜੀਆਂ ਹਨ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਥਾਂ ਮੀਰੀ ਪੀਰੀ ਸਿਧਾਂਤ ਨਾਲ ਹਨ ਜੋ ਗੁਰੂ ਸਾਹਿਬਾਨ ਨੇ ਬਖ਼ਸ਼ਿਆ ਹੈ।
ਦੂਸਰਾ ਜਿਸ ਢੰਗ ਨਾਲ ਗਿ. ਹਰਪ੍ਰੀਤ ਸਿੰਘ ਨੂੰ ਬਰਖ਼ਾਸਤ ਕੀਤਾ ਹੈ, ਉਹ ਨਿਯਮਾਂ ਤੇ ਸਿੱਖ ਪ੍ਰੰਪਰਾਵਾਂ ਦੇ ਉਲਟ ਹੈ। ਇਸ ਨਾਲ ਸਿੱਖੀ ਅਸੂਲਾਂ ਦੀ ਨਿੰਦਿਆਂ ਹੋ ਰਹੀ ਹੈ ਕਿ ਜਦ ਸਿੱਖ ਕੌਮ ਦੇ ਸਰਬਉੱਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਪਸ਼ਟ ਕਰ ਦਿਤਾ ਸੀ ਕਿ ਇਹ ਕੇਸ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਰ ਇਸ ਦੇ ਬਾਵਜੂਦ ਸਿਆਸੀ ਦਬਾਅ ਹੇਠ ਗਿ. ਹਰਪ੍ਰੀਤ ਸਿੰਘ ਨੂੰ ਵਿਵਾਦਤ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਬਰਖ਼ਾਸਤ ਕਰ ਦਿਤਾ ਜਿਸ ਨਾਲ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪੁੱਜੀ ਹੈ।