ਗੋਲੀ ਚੱਲਦੀ ਗਈ
Published : May 17, 2020, 8:06 pm IST
Updated : May 17, 2020, 8:07 pm IST
SHARE ARTICLE
Photo
Photo

ਆਜ਼ਾਦੀ ਮਗਰੋਂ ਸਿੱਖਾਂ ਦੇ ਲੀਡਰ ਨੂੰ ਹੀ ਸੱਭ ਤੋਂ ਪਹਿਲਾਂ ਦਿੱਲੀ ਦੇ ਬਾਹਰ ਗ੍ਰਿਫ਼ਤਾਰ ਕਰ ਲਿਆ ਤੇ ਸਮਾਗਮ ਨਾ ਹੋਣ ਦਿਤਾ

1950 ਵਿਚ ਦਿੱਲੀ ਵਿਖੇ ਪੰਜਾਬੀਆਂ ਦੀ ਬੜੀ ਚੜ੍ਹਤ ਅਤੇ ਦਬਦਬਾ ਸੀ। ਪਾਕਿਸਤਾਨ ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਰੈਣ-ਬਸੇਰੇ ਅਤੇ ਕੰਮ ਦੀ ਭਾਲ ਵਿਚ ਦਿੱਲੀ ਵਿਖੇ ਜਾ ਡੇਰੇ ਲਾਏ। ਇਨ੍ਹਾਂ ਵਿਚ ਹੀ ਮੇਰੇ ਪਿਤਾ ਸ. ਸਤਨਾਮ ਸਿੰਘ ਦਰਦੀ ਵੀ ਸ਼ਾਮਲ ਸਨ। ਉਸ ਵਕਤ ਦੀ ਇਕ ਇਤਿਹਾਸਕ ਘਟਨਾ ਉਨ੍ਹਾਂ ਬ-ਯਾਦਾਸ਼ਤ, ਇੰਝ ਕਹਿ ਸੁਣਾਈ:-

1947Photo

“ਕਰੀਬ 1949-50 ਵਿਚ ਦਿੱਲੀ ਗੁ.ਪ੍ਰ.ਕਮੇਟੀ ਨੇ ਦੇਵ ਨਗਰ, ਕਰੋਲ ਬਾਗ, ਦਿੱਲੀ ਵਿਚ ਇਕ ਕਾਲਜ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਦਾ ਨੀਂਹ ਪੱਥਰ ਰੱਖਣ ਲਈ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਸਦਿਆ ਗਿਆ ਅਤੇ ਸਮਾਗਮ ਵਾਲੀ ਥਾਂ ਤੇ ਅਕਾਲੀ ਕਾਨਫ਼ਰੰਸ ਰੱਖ ਲਈ ਗਈ। ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਰੀਪੋਰਟ ਦਿਤੀ ਕਿ ਮਾ: ਤਾਰਾ ਸਿੰਘ ਸਿੱਖਾਂ ਨੂੰ ਦੱਸਣਗੇ ਕਿ ਨਹਿਰੂ-ਗਾਂਧੀ-ਪਟੇਲ ਨੇ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਨ ਤੋਂ ਇਨਕਾਰ ਕਰ ਕੇ ਸਿੱਖਾਂ ਨਾਲ ਧ੍ਰੋਹ ਕੀਤਾ ਹੈ ਤੇ ਸਿੱਖਾਂ ਨੂੰ ਇਸ ਵਿਰੁਧ ਲਾਮਬੰਦ ਹੋ ਜਾਣਾ ਚਾਹੀਦੈ। ਇਸ ਨਾਲ ਸਿੱਖ ਭੜਕ ਉਠਣਗੇ।

Master Tara SinghPhoto

ਕੇਂਦਰ ਸਰਕਾਰ ਉਸ ਵੇਲੇ ਮਾ. ਤਾਰਾ ਸਿੰਘ ਤੋਂ ਬਹੁਤ ਡਰਦੀ ਸੀ ਤੇ ਨਹੀਂ ਸੀ ਚਾਹੁੰਦੀ ਕਿ ਉਹ ਦਿੱਲੀ ਆਉਣ। ਇਤਫ਼ਾਕਨ ਉਨ੍ਹਾਂ ਦਿਨਾਂ ਵਿਚ ਗੁਰਪੁਰਬ ਸੀ, ਜਿਸ ਦਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੀਸ ਗੰਜ ਤੋਂ ਸ਼ੁਰੂ ਹੋ ਕੇ ਅਜਮੇਰੀ ਗੇਟ, ਲਾਹੌਰੀ ਗੇਟ ਅਤੇ ਕਸ਼ਮੀਰੀ ਗੇਟ ਤੋਂ ਹੁੰਦਾ ਹੋਇਆ ਮੁੜ ਸੀਸ ਗੰਜ ਆ ਕੇ ਸਮਾਪਤ ਹੁੰਦਾ ਸੀ। ਪਰ ਐਤਕੀਂ ਕਮੇਟੀ ਨੇ ਫ਼ੈਸਲਾ ਕੀਤਾ ਕਿ ਨਗਰ ਕੀਰਤਨ ਕਾਲਜ ਵਾਲੀ ਜਗ੍ਹਾ 'ਤੇ ਜਾ ਕੇ ਸਮਾਪਤ ਕੀਤਾ ਜਾਵੇ।

ਪ੍ਰੋਗਰਾਮ ਮੁਤਾਬਕ ਸਾਰੀ ਦਿੱਲੀ ਵਿਚ ਪੋਸਟਰ ਲਗਾ ਦਿਤੇ ਗਏ। ਗਤਕਾ ਪਾਰਟੀਆਂ ਨੂੰ ਵੀ ਸੱਦਾ ਪੱਤਰ ਭੇਜ ਦਿਤੇ ਗਏ। ਉਸ ਵਕਤ ਦਿੱਲੀ ਵਿਚ ਗਤਕੇ ਦੇ ਦੋ ਹੀ ਵੱਡੇ ਅਖਾੜੇ ਸਨ। ਇਕ ਸੀ ਰਣਜੀਤ ਅਖਾੜਾ, ਜਿਸ ਦਾ ਉਸਤਾਦ ਮਾਝੇ ਦਾ ਇਕ ਸੇਵਾਮੁਕਤ ਸੂਬੇਦਾਰ ਸੀ। ਦੂਸਰਾ ਸੀ, ਦਿਲਜੀਤ ਅਖਾੜਾ, ਜਿਸ ਦਾ ਉਸਤਾਦ ਯੂ.ਪੀ. ਦਾ ਝੰਡਾ ਸਿੰਘ ਸੀ। ਮੈਂ ਅਤੇ ਮੇਰੇ ਪਿੰਡ ਤੋਂ ਹੋਰ 5-7 ਜਵਾਨ ਇਸੇ ਅਖਾੜੇ ਦੇ ਮੈਂਬਰ ਸਾਂ।

PhotoPhoto

ਵੈਸੇ ਮੇਰੀ ਜ਼ਿਆਦਾ ਨੇੜਤਾ ਇਕ ਹੋਰ ਗਤਕਾ ਮੈਂਬਰ ਨਿਹੰਗ ਜਗਜੀਤ ਸਿੰਘ ਨਾਲ ਸੀ, ਜੋ ਪਿੱਛੋਂ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਦੇ ਪਿੰਡ ਤੋਂ ਸੀ। ਅਸੀਂ ਹਰ ਨਗਰ ਕੀਰਤਨ 'ਤੇ ਇਕ ਢੋਲ ਵਾਲਾ ਨਾਲ ਲੈ ਕੇ ਜਾਈਦਾ ਸੀ, ਜਿਸ ਨੂੰ ਕਮੇਟੀ ਵਾਲੇ ਪੈਸੇ ਦਿੰਦੇ ਸਨ। ਸਾਡੇ ਨਾਲ ਚਾਨੀਆਂ ਪਿੰਡ ਦੇ ਹੋਰ ਵੀ ਕਈ ਬੰਦੇ, ਜੋ ਗਤਕਾ ਨਹੀਂ ਵੀ ਜਾਣਦੇ ਸਨ, ਸਾਡੀ ਹੌਂਸਲਾ ਅਫ਼ਜ਼ਾਈ ਲਈ ਪੱਗਾਂ ਉਪਰ ਕੇਸਰੀ ਠਾਠੀਆਂ ਬੰਨ੍ਹ ਕੇ ਨਾਲ ਤੁਰ ਪੈਂਦੇ ਸਨ। ਐਤਕੀਂ ਵਿੱਕੋਲਿਤਰੀ ਗੱਲ ਇਹ ਹੋਈ ਕਿ ਨਹਿਰੂ ਸਰਕਾਰ ਨੇ ਇਸ ਨਗਰ ਕੀਰਤਨ ਰੂਟ ਉਪਰ ਪਾਬੰਦੀ ਲਾ ਦਿਤੀ।

ਦਿੱਲੀ ਕਮੇਟੀ ਵੀ ਉਸ ਵਕਤ ਕੁੱਝ ਸਰਕਾਰ ਪੱਖੀ ਹੀ ਸੀ, ਜਿਸ ਨੇ ਸਾਰੀ ਦਿੱਲੀ ਵਿਚ ਇਹ ਇਸ਼ਤਿਹਾਰ ਲਗਵਾ ਦਿਤੇ ਕਿ ਰੋਸ ਵਜੋਂ ਐਤਕੀਂ ਨਗਰ ਕੀਰਤਨ ਕਢਿਆ ਹੀ ਨਹੀਂ ਜਾਵੇਗਾ। ਪੁਲਿਸ ਨੇ ਵੀ ਨਵੇਂ ਰੂਟ ਉਪਰ ਪਹਿਰਾ ਲਗਾ ਦਿਤਾ, ਜਿਸ ਦਾ ਲੋਕਾਂ ਨੂੰ ਪਤਾ ਨਹੀਂ ਸੀ। ਸੋ ਛੁੱਟੀ ਹੋਣ 'ਤੇ ਵੀ ਲੋਕ ਘਰਾਂ ਵਿਚ ਹੀ ਬੈਠੇ ਰਹੇ ਕਿ ਨਗਰ ਕੀਰਤਨ ਤਾਂ ਕੈਂਸਲ ਹੀ ਹੈ। ਮੈਂ ਅਤੇ ਨਿਹੰਗ ਸਵੇਰ 11 ਕੁ ਵਜੇ ਗੁਰਦੁਆਰਾ ਸੀਸ ਗੰਜ ਵਲ ਚੱਲ ਪਏ। ਮੈਂ ਖ਼ਾਲੀ ਹੱਥ ਅਤੇ ਨਿਹੰਗ ਪਾਸ ਕੇਵਲ ਇਕ ਲੰਮੇ ਦਸਤੇ ਵਾਲੀ ਗੰਡਾਸੀ ਸੀ।

PhotoPhoto

ਇਸੇ ਦੌਰਾਨ ਹੀ ਕੁੱਝ ਗਰਮ ਖ਼ਿਆਲੀਆਂ ਨੇ ਉੱਦਮ ਕਰ ਲਿਆ ਕਿ ਨਗਰ ਕੀਰਤਨ ਕਢਿਆ ਜਾਵੇ, ਜਿਨ੍ਹਾਂ ਵਿਚ ਦਿੱਲੀ ਤੋਂ ਛਪਦੀ ਪ੍ਰਮੁਖ ਅਖ਼ਬਾਰ ਦਾ ਮਾਲਕ ਬੁੱਧ ਸਿੰਘ ਅਤੇ ਬਖਸ਼ੀ ਗੁਰਚਰਨ ਸਿੰਘ ਸੀ, ਜਿਨ੍ਹਾਂ ਦੇ ਅਸੀਂ ਸ਼ਕਲੋਂ ਵਾਕਫ਼ ਸਾਂ। ਅਸੀਂ ਗੁਰਦੁਆਰੇ ਸਾਹਮਣੇ ਪਹੁੰਚੇ ਹੀ ਸਾਂ ਕਿ ਅੰਦਰੋਂ ਸਿਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਬਖਸ਼ੀ ਗੁਰਚਰਨ ਸਿੰਘ ਨਿਕਲਿਆ ਅਤੇ ਉਸ ਮਗਰ 8-10 ਬੰਦੇ ਹੋਰ ਸਨ। ਅਸੀਂ ਵੀ ਨਾਲ ਹੋ ਤੁਰੇ। ਹਾਲੇ ਕੁੱਝ ਕੁ ਹੀ ਦੂਰੀ 'ਤੇ ਗਏ ਸਾਂ ਕਿ ਅੱਗੋਂ ਕੋਤਵਾਲੀ ਦੀ ਤਰਫ਼ੋਂ ਪੁਲਿਸ ਦੀ ਇਕ ਵੱਡੀ ਭੀੜ ਨੇ ਸੜਕ ਰੋਕ ਲਈ। ਉਸ ਵਕਤ ਹਿੰਦੂਆਂ-ਸਿੱਖਾਂ ਵਿਚ ਆਪਸੀ ਪਿਆਰ ਬਹੁਤ ਸੀ। ਜਦ ਰੌਲਾ ਰੱਪਾ ਪਿਆ ਤਾਂ ਸੈਂਕੜੇ ਹਿੰਦੂ-ਸਿੱਖਾਂ ਦੀ ਭੀੜ ਨਗਰ ਕੀਰਤਨ ਵਿਚ ਆਣ ਸ਼ਾਮਲ ਹੋਈ।

ਮਾ. ਤਾਰਾ ਸਿੰਘ ਦੀ ਗ੍ਰਿ੍ਰਫ਼ਤਾਰੀ ਦੀ ਖ਼ਬਰ ਫ਼ੈਲ ਚੁੱਕੀ ਸੀ ਤੇ ਲੋਕ ਉਸ ਵਿਰੁਧ ਰੋਸ ਪ੍ਰਗਟ ਕਰਨ ਲਈ ਵੀ ਦਬਾਦਬ ਆ ਰਹੇ ਸਨ। ਕੁੱਝ ਸਮਾਂ ਧੱਕਾ-ਮੁੱਕੀ ਹੁੰਦੀ ਰਹੀ। ਸੰਗਤ ਵਿਚ ਜੋਸ਼ ਅਤੇ ਜਜ਼ਬਾ ਏਨਾ ਵੱਧ ਗਿਆ ਕਿ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਅਜਿਹਾ ਧੱਕਾ ਮਾਰਿਆ ਕਿ ਪੁਲਿਸ ਦੀ ਪਹਿਲੀ ਦੀਵਾਰ ਤੋੜ ਮਾਰੀ ਅਤੇ ਬੀੜ ਵਾਲੇ ਸਿੰਘ ਸਾਡੇ ਵਲ ਆ ਮਿਲੇ। ਅੱਗੇ ਕੁੱਝ ਕਦਮ ਹੀ ਚੱਲੇ ਸਾਂ ਕਿ ਮੂਹਰਿਉਂ ਅੱਥਰੂ ਗੈਸ ਦੇ ਗੋਲੇ ਚੱਲਣ ਲੱਗੇ। ਅਸੀਂ ਪਹਿਲੀ ਵਾਰ ਗੈਸ ਵੇਖੀ ਸੀ। ਅੱਖਾਂ ਫਟਣ ਨੂੰ ਫਿਰਨ।

Nagar Kirtan Nagar Kirtan

ਅਜਿਹਾ ਮੌਕਾ ਦੇਖ ਚੁੱਕੇ ਕਈਆਂ ਨੇ ਰੌਲਾ ਪਾਇਆ ਕਿ ਅੱਖਾਂ ਨੂੰ ਪਾਣੀ ਮਾਰੋ। ਨਿਹੰਗ ਬੀੜ ਸਾਹਿਬ ਦੀ ਰਾਖੀ ਲਈ ਅੜ ਗਿਆ ਅਤੇ ਮੈਂ ਉਸ ਦੇ ਗਲ ਪਾਇਆ ਪਰਨਾ ਪਾੜ ਕੇ ਦੋ ਥਾਈਂ ਕਰ ਲਿਆ। ਜਿਥੇ ਵੀ ਪਾਣੀ ਮਿਲੇ ਗਿੱਲਾ ਕਰ ਕੇ ਮੈਂ ਇਕ ਆਪ 'ਤੇ ਇਕ ਉਸ ਨੂੰ ਦੇ ਦਿਆ ਕਰਾਂ। ਕਈ ਤਜਰਬੇ ਵਾਲੇ ਬੰਦੇ ਪਾਣੀ ਦੀਆਂ ਬਾਲਟੀਆਂ ਭਰ ਲਿਆਏ ਅਤੇ ਕਈ ਖ਼ਾਲੀ ਬੋਰੀਆਂ। ਜਦ ਵੀ ਅਥਰੂ ਗੈਸ ਦਾ ਗੋਲਾ ਡਿੱਗੇ ਉਸ ਨੂੰ ਪਾਣੀ ਪਾ ਕੇ ਠੰਢਾ ਕਰ ਦਿਆ ਕਰਨ ਜਾਂ ਬੋਰੀ ਨਾਲ ਚੁੱਕ ਕੇ ਪੁਲਿਸ ਵਲ ਵਗਾਹ ਮਾਰਨ। ਵੇਖਦਿਆਂ ਹੀ ਭੀੜ ਸੈਂਕੜਿਆਂ ਤੋਂ ਹਜ਼ਾਰਾਂ ਤਕ ਪਹੁੰਚ ਗਈ। ਲੋਕਾਂ ਦੇ ਜੋਸ਼ ਅੱਗੇ ਪੁਲਸ ਦੀ ਦੂਜੀ ਲਾਈਨ ਵੀ ਠਹਿਰ ਨਾ ਸਕੀ।

ਪਤਾ ਨਹੀਂ ਮਿੰਟਾਂ ਵਿਚ ਹੀ ਇਕਦਮ ਪੰਜਾਬੀਆਂ ਦਾ ਠਾਠਾਂ ਮਾਰਦਾ ਸਮੁੰਦਰ ਕਿਧਰੋਂ ਉਮੜ ਪਿਆ। ਬਹੁਤ ਸਾਰੇ ਕਲੀਨ ਸ਼ੇਵ ਪੰਜਾਬੀ ਵੀ ਹਕੂਮਤ ਵਿਰੁਧ ਨਾਅਰੇ ਲਗਾ ਰਹੇ ਸਨ। ਲੋਕਾਂ ਭਾਣੇ ਪੁਲਿਸ ਨਾਕੇ ਟੁੱਟ ਚੁੱਕੇ ਸਨ ਪਰ ਅੱਗੇ ਦਾ ਕਿਸੇ ਨੂੰ ਪਤਾ ਨਹੀਂ ਸੀ। ਮਹਾਰਾਜ ਜੀ ਦੀ ਸਵਾਰੀ ਤੋਂ ਵੀ ਸੰਗਤ ਅੱਗੇ ਦੂਰ ਤਕ ਨਿਕਲ ਗਈ। ਮੈਂ ਬੀੜ ਦੇ ਅੱਗੇ ਸਾਂ ਅਤੇ ਨਿਹੰਗ ਪਿੱਛੇ ਬਖ਼ਸ਼ੀ ਨਾਲ ਬੀੜ ਸਾਹਿਬ ਦੀ ਰਾਖੀ ਕਰ ਰਹੇ ਸਨ।

ਸਾਡੇ ਤੋਂ ਅੱਗੇ ਟੋਪੀ ਵਾਲੀ ਪੁਲਸ ਦਾ ਦਸਤਾ ਸੀ, ਜਿਸ ਨੂੰ ਲੋਕ ਧੱਕੇ ਮਾਰ-ਮਾਰ ਅੱਗੇ ਦੌੜਾਈ ਜਾਂਦੇ ਸਨ। ਜਦ ਸਦਰ ਬਾਜ਼ਾਰ ਵਾਲੇ ਬਾਰਾਂ ਟੂਟੀ ਵਾਲੇ ਚੌਕ ਕੋਲ ਪਹੁੰਚੇ ਤਾਂ ਅੱਗਿਉਂ ਇਕ ਗੈਸ ਦਾ ਗੋਲਾ ਮੇਰੇ ਅੱਗੇ ਖੜੇ ਸਿਪਾਹੀ ਦੇ ਮੱਥੇ ਵਿਚ ਆਣ ਲੱਗਾ, ਜੋ ਪਿੱਛੇ ਮੇਰੇ ਉਪਰ ਡਿੱਗ ਪਿਆ। ਦੂਰ ਅੱਗੇ ਬੰਦੂਕ ਧਾਰੀ ਬਕਤਰਬੰਦ ਗੱਡੀਆਂ ਦਾ ਸਖ਼ਤ ਪਹਿਰਾ ਸੀ। ਲਾਠੀਆਂ ਵਾਲੀ ਪੁਲਿਸ ਵੀ ਅੱਗੇ ਸੀ। ਇਕ ਮੈਜਿਸਟਰੇਟ ਸਪੀਕਰ 'ਤੇ ਐਲਾਨ ਕਰ ਰਿਹਾ ਸੀ ਕਿ ਪਿੱਛੇ ਮੁੜ ਜਾਉ ਨਹੀਂ ਤਾਂ ਸਖ਼ਤੀ ਵਰਤਾਂਗੇ। ਸਵਾਰੀ ਤੋਂ ਅਗਲੇ ਬੰਦੇ ਸੱਜੇ ਖੱਬੇ ਖਿੱਲਰ ਗਏ। ਸਵਾਰੀ ਦੇ ਪਿਛਲੇ ਬੰਦੇ ਹੀ ਰਹਿ ਗਏ।

PhotoPhoto

ਇਥੇ ਲੰਮਾ ਸਮਾਂ ਕਸ਼-ਮ-ਕਸ਼ ਹੁੰਦੀ ਰਹੀ। ਸੰਗਤਾਂ ਦੀ ਭੀੜ ਵਧਦੀ ਜਾ ਰਹੀ ਸੀ। ਜਦ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਭੀੜ ਨਾ ਖਿੰਡਰੀ ਤਾਂ ਲਾਠੀਚਾਰਜ ਦਾ ਹੁਕਮ ਹੋਇਆ। ਗੁਰੂ ਦੀ ਸਵਾਰੀ ਚੁੱਕੀ ਬਖਸ਼ੀ ਗੁਰਚਰਨ ਸਿੰਘ ਦੀਆਂ ਲੱਤਾਂ 'ਤੇ ਕਈ ਲਾਠੀਆਂ ਲੱਗੀਆਂ ਪਰ ਉਹ ਗੁਰੂ ਦਾ ਜਾਇਆ ਸੰਭਲ ਕੇ ਅਡੋਲ ਖੜਾ ਰਿਹਾ। ਨਿਹੰਗ ਨੇ ਇਕ ਪੁਲਸ ਵਾਲੇ ਉਪਰ ਗੰਡਾਸੀ ਦਾ ਵਾਰ ਕੀਤਾ ਤਾਂ ਉਹ ਸੱਭ ਪਾਸੇ ਹੋ ਗਏ।

ਕੁੱਝ ਲਾਠੀਆਂ ਬੀੜ ਸਾਹਿਬ ਉਪਰ ਵੀ ਲੱਗਣ 'ਤੇ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਆਲੇ-ਦੁਆਲੇ ਦੁਕਾਨਾਂ ਤੋਂ ਲੋਕਾਂ ਨੂੰ ਜੋ ਕੁੱਝ ਵੀ ਲੱਭਾ ਉਨ੍ਹਾਂ ਪੁਲਸ ਉਪਰ ਵਗਾਹ ਮਾਰਿਆ। ਡਾਂਗਾਂ ਵਾਲੀ ਪੁਲਸ ਭੱਜ ਗਈ ਤਾਂ ਮਜਿਸਟਰੇਟ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿਤਾ। ਡਰ ਸੀ ਕਿ ਕਿਧਰੇ ਬਖਸ਼ੀ ਨੂੰ ਗੋਲੀ ਲੱਗ ਕੇ ਬੀੜ ਸਹਿਬ ਦਾ ਨਿਰਾਦਰ ਨਾ ਹੋ ਜਾਵੇ। ਉਸ ਵਕਤ ਦਾ ਦ੍ਰਿਸ਼ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ।

1947 Year1947 

ਇਕ ਗੋਲੀ ਸਾਡੇ ਵਲ ਆਈ ਜੋ ਮੇਰੀ ਹਿੱਕ ਨਾਲ ਖਹਿ ਕੇ ਨਿਹੰਗ ਦਾ ਅੱਧਾ ਗਿੱਟਾ ਲਾਹ ਕੇ ਲੈ ਗਈ। ਉਸ ਨੇ ਅਪਣਾ ਸਾਫ਼ਾ ਘੁੱਟ ਕੇ ਬੰਨ੍ਹ ਲਿਆ ਅਤੇ ਮੋਰਚੇ 'ਤੇ ਡਟਿਆ ਰਿਹਾ। ਦੇਸ਼ ਦੀ ਵੰਡ ਤਾਜ਼ੀ-ਤਾਜ਼ੀ ਹੋ ਕੇ ਹਟੀ ਸੀ। ਉਸ ਵਕਤ ਪੰਜਾਬੀਆਂ ਵਿਚ ਹਿੰਦੂ-ਸਿੱਖ ਨਾਲੋਂ ਪੰਜਾਬੀਅਤ ਦਾ ਜਜ਼ਬਾ ਭਾਰੂ ਸੀ। ਉਨ੍ਹਾਂ ਸਿਰਲੱਥ ਯੋਧਿਆਂ ਦੀ ਦਾਦ ਦੇਣੀ ਬਣਦੀ ਹੈ, ਜੋ ਬਗ਼ੈਰ ਕਿਸੇ ਆਗੂ ਅਤੇ ਬਗ਼ੈਰ ਕਿਸੇ ਮਿੱਥੇ ਪ੍ਰੋਗਰਾਮ ਤੋਂ ਅਪਣੀਆਂ ਕਮੀਜ਼ਾਂ ਉਤਾਰ ਕੇ ਛਾਤੀਆਂ ਡਾਹ-ਡਾਹ ਅੱਗੇ ਖੜਦੇ ਰਹੇ। ਜਿਸ ਨੂੰ ਵੀ ਗੋਲੀ ਲੱਗੇ ਉਸ ਨੂੰ ਕੁੱਝ ਚੜ੍ਹਦੀ ਉਮਰ ਦੇ ਜਵਾਨ ਚੁੱਕ-ਚੁੱਕ ਬਾਹਰ ਲਈ ਜਾਣ।

ਬਹੁਤੇ ਲੋਕ ਫੱਟੜ ਹੋ ਗਏ ਪਰ ਸਾਬਾਸ਼ ਕਿ ਕਿਸੇ ਨੇ ਭੱਜਣ ਦੀ ਕਾਇਰਤਾ ਨਾ ਵਿਖਾਈ। ਇਸੇ ਦੌਰਾਨ ਇਕ ਚੜ੍ਹਦੀ ਉਮਰ ਦਾ ਨੌਜਵਾਨ ਭੀੜ ਵਿਚੋਂ ਸੱਭ ਤੋਂ ਅੱਗੇ ਹੋਇਆ। ਉਸ ਨੇ ਦੋਵੇਂ ਹੱਥ ਉਪਰ ਚੁੱਕ ਕੇ ਲੋਕਾਂ ਨੂੰ ਵੰਗਾਰ ਪਾਈ। ਕਹਿਓਸ , “ਓ ਪੰਜਾਬੀਓ, ਕੀ ਹੋ ਗਿਐ ਤੁਹਾਨੂੰ, ਮਾਰੋ ਧੱਕਾ,ਚੜ੍ਹ ਜਾਉ ਪੁਲਿਸ ਦੇ ਉਤੇ।'' ਇਹ ਕਹਿੰਦਿਆਂ ਉਹ ਖ਼ੁਦ ਪੁਲਿਸ ਸਾਹਮਣੇ ਚਲਦੀ ਗੋਲੀ ਵਿਚ ਛਾਤੀ ਡਾਹ ਕੇ ਖੜਾ ਹੋ ਗਿਆ। ਉਸੇ ਵਕਤ ਉਸ ਨੂੰ ਗੋਲੀ ਆਣ ਲੱਗੀ। ਉਹ ਡਿੱਗ ਪਿਆ। ਕੁੱਝ ਨੌਜਵਾਨ ਉਸ ਨੂੰ ਵੀ ਚੁੱਕ ਕੇ ਬਾਹਰ ਲੈ ਗਏ। ਉਸ ਦੀ ਵੰਗਾਰ ਨਾਲ ਲੋਕਾਂ ਦਾ ਜਜ਼ਬਾ ਉਬਾਲਾ ਮਾਰ ਗਿਆ। ਹੱਲਾ ਬੋਲ ਕੇ ਪੁਲਿਸ ਉਪਰ ਜਾ ਚੜ੍ਹੇ।

ਵੇਖਦਿਆਂ ਹੀ ਪਤਾ ਨਹੀਂ ਕਿਧਰ ਗਈ ਪੁਲਿਸ ਅਤੇ ਕਿਧਰ ਭੱਜ ਗਿਆ ਮੈਜਿਸਟਰੇਟ। ਲੋਕ ਗੱਡੀਆਂ ਵਿਚੋਂ ਦੀ ਅੱਗੇ ਨਿਕਲ ਗਏ। ਪੁਲਿਸ ਨੇ ਗੱਡੀਆਂ ਚਲਾ ਕੇ ਅੱਗੋਂ ਰਸਤਾ ਬੰਦ ਕਰਨ ਦਾ ਯਤਨ ਕੀਤਾ ਪਰ ਲੋਕ ਗੱਡੀਆਂ ਦੇ ਅੱਗੇ ਲੰਮੇ ਪੈ ਗਏ। ਨਗਰ ਕੀਰਤਨ ਅੱਗੇ ਨਿਕਲ ਗਿਆ। ਅੱਗੋਂ ਫਿਰ ਪੁਲਿਸ ਨੇ ਘੇਰਾ ਪਾ ਕੇ ਲਾਠੀਚਾਰਜ ਕੀਤਾ ਪਰ ਧੱਕਾ-ਮੁੱਕੀ ਵਿਚ ਜਲੂਸ ਅਪਣੀ ਮਿੱਥੀ ਮੰਜ਼ਲ ਉਪਰ ਪਹੁੰਚਣ ਵਿਚ ਕਾਮਯਾਬ ਰਿਹਾ।

ਰਾਤ ਨੂੰ ਹੀ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜੋ ਹਸਪਤਾਲ ਸਨ, ਉਨ੍ਹਾਂ 'ਤੇ ਪਰਚਾ ਦਰਜ ਹੋ ਗਏ। ਮਾਸਟਰ ਤਾਰਾ ਸਿੰਘ ਨੂੰ ਵੀ ਅੰਬਰਸਰੋਂ ਆਉਂਦਿਆਂ ਨਰੇਲਾ ਸਟੇਸ਼ਨ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਸੀਂ ਜਿਸ ਕਾਰਖ਼ਾਨੇ ਵਿਚ ਕੰਮ ਕਰਦੇ ਸਾਂ, 4-5 ਜਣੇ ਸਰਦਾਰ ਸਾਂ ਤੇ ਬਾਕੀ ਸਾਰੇ ਭਈਏ। ਅਸੀਂ ਫੜੇ ਜਾਣ ਦੇ ਡਰੋਂ ਹਸਪਤਾਲ ਨਾ ਗਏ ਸਗੋਂ ਇਕ ਪ੍ਰਾਈਵੇਟ ਸਰਦਾਰ ਡਾਕਟਰ ਪਾਸੋਂ, ਕਾਰਖਾਨੇ ਵਿਚ ਸੱਟ ਲੱਗੀ ਦੱਸ ਕੇ ਇਲਾਜ ਸ਼ੁਰੂ ਕਰਵਾਇਆ।

PhotoPhoto

ਸਲਾਹ ਨਾਲ ਅਸਾਂ ਤੀਸ ਹਜ਼ਾਰੀ ਪੁਲ ਕੋਲ ਨਵੀਂ ਦਿੱਲੀ ਵਲੋਂ ਆਉਂਦੀ ਰੇਲਵੇ ਲਾਈਨ ਦੇ ਨਾਲ 10-12 ਫੁੱਟ ਨੀਵੀਂ ਜਗ੍ਹਾ ਬਣੇ ਪਾਕਿ ਤੋਂ ਉੱਜੜ ਕੇ ਆਏ ਰਿਫ਼ਿਊਜੀਆਂ ਦੇ ਕੈਂਪ ਵਿਚ, ਇਕ ਜਾਣਕਾਰ ਰਾਹੀਂ, ਇਕ ਕੁਆਰਟਰ ਕਿਰਾਏ ਉਪਰ ਲੈ ਕੇ ਨਿਹੰਗ ਸਿੰਘ ਨੂੰ ਉਥੇ ਰਖਿਆ। ਇਹ ਇਤਲਾਹ ਨਿਹੰਗ ਦੇ ਪਿੰਡ ਧਾਰੋਵਾਲੀ ਵੀ ਚਿੱਠੀ ਰਾਹੀਂ ਭੇਜ ਦਿਤੀ ਗਈ।

ਹਫ਼ਤੇ ਕੁ ਬਾਅਦ ਨਿਹੰਗ ਦੀ ਮਾਤਾ ਅਤੇ ਇਕ ਮੁਟਿਆਰ ਜਨਾਨੀ ਦੱਸੇ ਪਤੇ 'ਤੇ ਆ ਗਈਆਂ। ਮਾਤਾ ਹਫ਼ਤਾ ਕੁ ਰਹਿ ਕੇ ਪਿੰਡ ਵਾਪਸ ਚਲੇ ਗਈ ਅਤੇ ਜ਼ਨਾਨੀ ਮਹੀਨੇ ਕੁ ਬਾਅਦ। ਨਿਹੰਗ ਨੂੰ ਆਰਾਮ ਨਾ ਆਉਂਦਾ ਵੇਖ ਕੇ ਅਸੀਂ ਉਸ ਦਾ ਇਲਾਜ ਇਕ ਪੰਜਾਬੀ ਵੈਦ ਤੋਂ ਸ਼ੁਰੂ ਕੀਤਾ। 4 ਕੁ ਮਹੀਨੇ ਪੂਰਾ ਆਰਾਮ ਆਉਣ ਨੂੰ ਲੱਗ ਗਏ ਤੇ ਹੁਣ ਨਿਹੰਗ ਸੋਟੇ ਨਾਲ ਤੁਰਨ ਲੱਗ ਪਿਆ। ਉਪਰੰਤ ਅਸੀਂ ਮੁੜ ਕਾਰਖਾਨੇ ਆ ਕੇ ਰਹਿਣ ਲੱਗ ਪਏ। ਕਸ਼ਟ ਤਾਂ ਅਸਾਂ ਬਹੁਤਾ ਝਲਿਆ ਪਰ ਪੁਲਿਸ ਦੀ ਪਕੜ ਤੋਂ ਬਚ ਗਏ।''

ਸੰਪਰਕ : 92569-73526

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement