
ਸਿੱਖਾਂ ਤੋਂ ਪੱਗੜੀ ਕਿਉਂ ਬੰਨ੍ਹੀ ਜਾਂਦੀ ਹੈ ਦੇ ਸਵਾਲ ਦੀ ਬਹਿਸ ਅਜੇ ਮੁੱਕੀ ਨਹੀਂ ਸੀ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਇਕ ਨਵਾਂ ਫ਼ੈਸਲਾ......
ਨੰਗਲ : ਸਿੱਖਾਂ ਤੋਂ ਪੱਗੜੀ ਕਿਉਂ ਬੰਨ੍ਹੀ ਜਾਂਦੀ ਹੈ ਦੇ ਸਵਾਲ ਦੀ ਬਹਿਸ ਅਜੇ ਮੁੱਕੀ ਨਹੀਂ ਸੀ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਇਕ ਨਵਾਂ ਫ਼ੈਸਲਾ ਕੱਢ ਦਿਤਾ ਗਿਆ ਕਿ ਸਿੱਖ ਹੁਣ ਅਪਣੀ ਸਦੀਆਂ ਤੋਂ ਚਲੀ ਆ ਰਹੀ ਪ੍ਰਪੰਰਕ ਅਰਦਾਸ ਦੇ ਸ਼ਬਦ 'ਰਾਜ ਕਰੇਗਾ ਖ਼ਾਲਸਾ' ਨਹੀਂ ਬੋਲ ਸਕਦੇ ਅਤੇ ਜੇਕਰ ਇਸ ਤਰ੍ਹਾਂ ਸਿੱਖ ਕਰਦਾ ਹੈ ਤਾਂ ਉਸ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੋਵੇਗਾ।
1 ਜੂਨ ਨੂੰ ਹਾਈ ਕੋਰਟ ਵਲੋਂ ਦਿਤੇ ਗਏ ਇਸ ਫ਼ੈਸਲੇ ਨੇ ਭਾਵੇਂ ਸਿੱਖਾਂ ਨੂੰ ਨਿਰਾਸ਼ ਕੀਤਾ ਹੈ ਪਰ ਸ਼ਿਵ ਸੈਨਾ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਬੀਤੀ ਰਾਤ ਨੰਗਲ ਦੇ ਚਲ ਰਹੇ ਇਕ ਵੱਟਸਐਪ ਗਰੁਪ 'ਤੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਨੇ ਇਸ ਫ਼ੈਸਲੇ ਦੀ ਇਕ ਕਾਪੀ ਪਾ ਕੇ ਨਾਲ ਲਿਖਿਆ ਹੈ ਕਿ 'ਰਾਜ ਕਰੇਗਾ ਖ਼ਾਲਸਾ' ਕਹਿਣ 'ਤੇ ਦੇਸ਼ ਧ੍ਰੋਹ ਦਾ ਪਰਚਾ ਹੋਵੇਗਾ ਜਿਸ ਨੂੰ ਉਕਤ ਆਗੂ ਨੇ ਹਾਈ ਕੋਰਟ ਦਾ ਤੋਹਫ਼ਾ ਦਸਿਆ ਹੈ।
ਪਰ ਜਦੋਂ ਸੰਜੀਵ ਘਨੌਲੀ ਨਾਲ ਗੱਲ ਕੀਤੀ ਤਾਂ ਉਹ ਪਾਸਾ ਹੀ ਪਲਟ ਗਏ ਅਤੇ ਕਹਿਣ ਲੱਗੇ ''ਮੈਂ ਤਾਂ ਆਪ ਹੈਰਾਨ ਹਾਂ ਕਿ 'ਰਾਜ ਕਰੇਗਾ ਖ਼ਾਲਸਾ' ਸ਼ਬਦ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਕੇ ਕਿਹੜਾ ਤੋਹਫ਼ਾ ਦਿਤਾ ਹੈ ਪਰ ਨਾਲ ਹੀ ਖ਼ਾਲਿਸਤਾਨ ਵਿਰੁਧ ਲਿਖੀ ਗਈ ਸ਼ਬਦਾਵਲੀ ਨੂੰ ਉਹ ਠੀਕ ਮੰਨਦੇ ਹਨ ਅਤੇ ਸਿੱਖਾਂ ਦੇ ਰੋਲ ਮਾਡਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅਤਿਵਾਦੀ ਵੀ ਦਸਿਆ।''
ਇਸ ਸਬੰਧੀ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈ ਕੋਰਟ ਵਲੋਂ ਕੀਤੇ ਫ਼ੈਸਲੇ ਦੀ ਕਾਪੀ ਹਾਲੇ ਉਨ੍ਹਾਂ ਕੋਲ ਨਹੀਂ ਪਹੁੰਚੀ ਅਤੇ ਉਹ ਇਸ 'ਤੇ ਨਜ਼ਰਸਾਨੀ ਕਰ ਕੇ ਅਗਲੀ ਕਾਰਵਾਈ ਬਾਰੇ ਵਿਚਾਰ ਕਰਨਗੇ। ਸੰਜੀਵ ਘਨੌਲੀ ਸ਼ਿਵ ਸੈਨਾ ਆਗੂ ਦੀ ਟਿਪਣੀ ਬਾਰੇ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ।
ਉਨ੍ਹਾਂ ਸੰਜੀਵ ਘਨੌਲੀ ਨੂੰ ਕਿਹਾ ਕਿ ਉਹ ਸਿੱਖਾਂ ਦੇ ਮਸਲਿਆਂ ਵਿਖ ਦਖ਼ਲ ਦੇਣਾ ਬੰਦ ਕਰੇ ਅਤੇ ਉਨ੍ਹਾਂ ਐਸ.ਐਸ.ਪੀ. ਰੂਪਨਗਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਨੂੰ ਨੱਥ ਪਾਵੇ ਜੋ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਜੇਕਰ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਅਤੇ ਸ਼ਿਵ ਸੈਨਾ ਜ਼ਿੰਮੇਵਾਰ ਹੋਵੇਗੀ।