
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘੇ ਦਾ ਕੰਮ ਪੂਰਾ ਹੋ ਜਾਵੇਗਾ: ਚੌਧਰੀ ਮੁਹੰਮਦ ਸਰਵਰ
ਲਾਹੌਰ : ਪਾਕਿਸਤਾਨ ਵਲੋਂ ਕਰਤਾਰਪੁਰ ਵਿਚ ਗੁਰਦਵਾਰਾ ਦਰਬਾਰ ਸਾਹਿਬ ਲਈ 42 ਏਕੜ ਜ਼ਮੀਨ ਅਲਾਟ ਕੀਤੀ ਜਾਵੇਗੀ। ਪੰਜਾਬ ਦੇ ਗਵਰਨਰ ਨੇ ਇਹ ਐਲਾਨ ਕੀਤਾ। ਬੀਤੇ ਦਿਨੀਂ ਪੰਜਾਬ ਦੇ ਗਵਰਨਰ ਨੇ ਐਲਾਨ ਕੀਤਾ ਸੀ ਕਿ ਕਰਤਾਰਪੁਰ ਲਾਂਘੇ ਦਾ ਕੰਮ 80 ਫ਼ੀ ਸਦੀ ਮੁਕੰਮਲ ਹੋ ਚੁਕਾ ਹੈ। ਇਹ ਲਾਂਘਾ ਪਾਕਿ ਦੇ ਕਰਤਾਰੁਪਰ ਵਿਚ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਸਾਹਿਬ ਨਾਲ ਜੋੜੇਗਾ। ਇਸ ਨਾਲ ਹੀ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਫ਼ਤ ਯਾਤਰਾ ਦੀ ਸਹੂਲਤ ਦਿਤੀ ਜਾਵੇਗੀ।
Kartarpur Corridor
ਉਨ੍ਹਾਂ ਨੂੰ ਸਿਰਫ਼ ਕਰਤਾਰਪੁਰ ਸਾਹਿਬ ਜਾਣ ਲਈ ਇਜਾਜ਼ਤ ਲੈਣੀ ਪਵੇਗੀ, ਜਿਸ ਨੂੰ 1522 ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਵਲੋਂ ਸਥਾਪਤ ਕੀਤਾ ਗਿਆ ਸੀ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਵਿਖੇ ਗੁਰਦਵਾਰਾ ਦਰਬਾਰ ਸਾਹਿਬ ਲਈ ਅਲਾਟ ਜ਼ਮੀਨ ਨੂੰ 3 ਏਕੜ ਤੋਂ ਵਧਾ ਕੇ 42 ਏਕੜ ਕਰਨ ਦਾ ਐਲਾਨ ਕੀਤਾ ਅਤੇ ਅੱਗੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਕਬਜ਼ੇ ਵਾਲੀ ਜ਼ਮੀਨ 'ਤੇ ਕਿਸੇ ਤਰ੍ਹਾਂ ਦਾ ਨਿਰਮਾਣ ਕੰਮ ਨਹੀਂ ਕੀਤਾ ਜਾਵੇਗਾ।
Kartarpur Corridor
ਸਰਵਰ ਨੇ ਲਾਂਘੇ ਦੇ ਕੰਮ ਦੀ ਸਮੀਖਿਆ ਦੌਰਾਨ ਕਿਹਾ,''ਅਸੀ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਅਤੇ ਗੁਰੂ ਨਾਨਕ ਸਾਹਿਬ ਲਈ ਜ਼ਮੀਨ ਵਿਚ ਕੋਈ ਕਟੌਤੀ ਨਹੀਂ ਹੋਵੇਗੀ ਸਗੋਂ ਗੁਰਦੁਆਰਾ ਦਰਬਾਰ ਸਾਹਿਬ ਲਈ 42 ਏਕੜ ਜ਼ਮੀਨ ਗੁਰਦਵਾਰਾ ਦਰਬਾਰ ਸਾਹਿਬ ਲਈ ਅਤੇ 62 ਏਕੜ ਜ਼ਮੀਨ ਖੇਤੀ ਲਈ ਅਲਾਟ ਕੀਤੀ ਗਈ ਹੈ। ਇਸ ਤਰ੍ਹਾਂ ਗੁਰਦਵਾਰਾ ਦਰਬਾਰ ਸਾਹਿਬ ਲਈ ਕੁਲ 104 ਏਕੜ ਜ਼ਮੀਨ ਹੋ ਜਾਵੇਗੀ।''
Kartarpur Corridor work
ਗਵਰਨਰ ਜੋ ਧਾਰਮਕ ਟੂਰਿਜ਼ਮ ਅਤੇ ਵਿਰਾਸਤ ਲਈ ਕਮੇਟੀ ਦੇ ਮੁਖੀ ਹਨ, ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਕੁਲ ਜ਼ਮੀਨ 408 ਏਕੜ ਹੋਵੇਗੀ। ਉਨ੍ਹਾਂ ਕਿਹਾ ਕਿ ਆਸ ਹੈ ਕਿ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘੇ ਦਾ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਇਹ ਆਸ ਵੀ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਗੇ।