
ਖੇਡਾਂ 23 ਤੋਂ 25 ਅਕਤੂਬਰ ਨੂੰ ਬੱਬਰ ਅਕਾਲੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੋਣਗੀਆਂ।
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਕਾਲਜਾਂ ਦੀਆਂ ਖ਼ਾਲਸਈ ਖੇਡਾਂ 23 ਤੋਂ 25 ਅਕਤੂਬਰ ਤੱਕ ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਈਆਂ ਜਾਣਗੀਆਂ। ਇਹ ਫ਼ੈਸਲਾ ਇਥੇ 27 ਸੈਕਟਰ ਸਥਿਤ ਕਲਗੀਧਰ ਨਿਵਾਸ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ। ਇਸ ਤੋਂ ਇਲਾਵਾ ਇਕੱਤਰਤਾ ਦੌਰਾਨ ਵੱਖ-ਵੱਖ ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਸਨਮਾਨਤ ਕਰਨ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਕ ਖ਼ਾਸ ਮੌਕਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਦੀਆਂ ਖ਼ਾਲਸਈ ਖੇਡਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਇਤਿਹਾਸਕ ਪੁਰਬ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ।
Gatka
ਉਨ੍ਹਾਂ ਦਸਿਆ ਕਿ ਇਹ ਖੇਡਾਂ 23 ਤੋਂ 25 ਅਕਤੂਬਰ ਨੂੰ ਬੱਬਰ ਅਕਾਲੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੋਣਗੀਆਂ। ਇਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਕਾਲਜਾਂ ਦੇ ਸਾਬਤ ਸੂਰਤ ਖਿਡਾਰੀ ਹਿੱਸਾ ਲੈਣਗੇ। ਵੱਖ-ਵੱਖ ਖੇਡਾਂ ਤੋਂ ਇਲਾਵਾ ਬਾਣੀ ਅਤੇ ਬਾਣੇ ਦੀ ਖੇਡ ਸਿੱਖ ਮਾਰਸ਼ਲ ਆਰਟ ਗਤਕਾ ਪ੍ਰਦਰਸ਼ਨੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਦਸਿਆ ਕਿ ਅੰਤ੍ਰਿੰਗ ਕਮੇਟੀ ਵਲੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਤਾਈਕਵਾਂਡੋਂ ਖੇਡ ਵਿਚੋਂ ਗੋਲਡ ਮੈਡਲ ਹਾਸਲ ਕਰਨ ਵਾਲੇ ਪਟਿਆਲਾ ਨੇੜਲੇ ਭੁਨਰਹੇੜੀ ਪਿੰਡ ਦੇ ਵਸਨੀਕ ਸ. ਰਵਿੰਦਰ ਸਿੰਘ ਨੂੰ ਉਸ ਦੀ ਪ੍ਰਾਪਤੀ ਬਦਲੇ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਖਾਲਸ ਕਾਲਜ ਡਰੋਲੀ ਕਲਾਂ ਜਲੰਧਰ ਦੀ ਵਿਦਿਆਰਥਣ ਲਕਸ਼ਮੀ ਨੂੰ ਵੀ ਕਰਾਸ ਕੰਟਰੀ ਓਪਨ ਪੰਜਾਬ ਵਿਚੋਂ ਸੋਨੇ ਦਾ ਤਮਗਾ, ਐਥਲੈਟਿਕ ਮੀਟ 1500 ਮੀਟਰ ਵਿਚੋਂ ਚਾਂਦੀ ਦਾ ਤਮਗਾ ਹਾਸਲ ਕਰਨ ਬਦਲੇ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
Gatka
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਟਰੱਸਟ ਵਿਭਾਗ ਤੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮਸਲੇ ਵੀ ਵਿਚਾਰੇ ਗਏ ਅਤੇ ਲੋੜੀਂਦੀ ਕਾਰਜਾਂ ਨੂੰ ਪ੍ਰਵਾਨਗੀਆਂ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸ. ਭੁਪਿੰਦਰ ਸਿੰਘ ਭਲਵਾਨ ਆਦਿ ਮੌਜੂਦ ਸਨ।