
ਬੇਹੱਦ ਇਤਰਾਜ਼ਯੋਗ ਤੇ ਮੰਦੇ ਸ਼ਬਦਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਭਾਈਚਾਰਕ ਸਾਂਝ ਤੇ ਸਦਭਾਵਨਾ...
ਨਵੀਂ ਦਿੱਲੀ, 17 ਮਈ (ਸੁਖਰਾਜ ਸਿੰਘ): ਬੇਹੱਦ ਇਤਰਾਜ਼ਯੋਗ ਤੇ ਮੰਦੇ ਸ਼ਬਦਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਭਾਈਚਾਰਕ ਸਾਂਝ ਤੇ ਸਦਭਾਵਨਾ ਵਿਚਾਲੇ ਕੁੜਤਣ ਪੈਦਾ ਕਰਨ ਦੇ ਯਤਨ ਅਤੇ ਸਿੱਖਾਂ ਵਿਰੁਧ ਨਫ਼ਰਤ ਦੀ ਭਾਵਨਾ ਪ੍ਰਚਾਰਨ ਲਈ ਨਰਾਇਣ ਦਾਸ ਉਦਾਸੀਨ ਸੰਪਰਦਾ ਵਿਰੁਧ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੁਲਿਸ ਵਿਚ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ। ਨਾਰਥ ਅਵੈਨਿਊ ਪੁਲਿਸ ਥਾਣੇ ਨੂੰ ਦਿਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਫ਼ੇਸਬੁਕ ਦਾ ਉਹ ਲਿੰਕ ਵੀ ਸਾਂਝਾ ਕੀਤਾ ਜਿਸ ਵਿਚ ਨਰਾਇਣ ਦਾਸ ਦੀ ਉਹ ਵੀਡੀਉ ਹੈ ਜਿਸ ਵਿਚ ਉਹ ਗ਼ਲਤ ਉਪਦੇਸ਼ ਦੇ ਰਿਹਾ ਹੈ।
Manjinder Singh Sirsa
ਉਨ੍ਹਾਂ ਕਿਹਾ ਕਿ ਉਸ ਦੀ ਇਸ ਕਾਰਵਾਈ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸ ਦਾ ਮਕਸਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਸਮਾਜ ਵਿਚ ਫਿਰਕੂ ਤਣਾਅ ਪੈਦਾ ਕਰਨਾ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮ ਦਾ ਕਹਿਣਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਦਰਜ ਕਰਨ ਸਮੇਂ ਬਾਣੀ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਕਿਹਾ ਕਿ ਨਰਾਇਣ ਦਾਸ ਨੂੰ ਬੁਨਿਆਦੀ ਤੌਰ 'ਤੇ ਗੁਰੂ ਰਵੀਦਾਸ ਜੀ ਤੇ ਉਨ੍ਹਾਂ ਦੀ ਬਾਣੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸਾਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹਾਲਾਤ ਵੱਸੋ ਬਾਹਰ ਹੋ ਸਕਦੇ ਹਨ।