
ਤਰਨਤਾਰਨ, ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰਐਸਐਸ ਵਲੋਂ ਸਿਖ ਇਤਿਹਾਸ ਨਾਲ ਸਬੰਧਤ ਤੱਥਾਂ...
ਤਰਨਤਾਰਨ, ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਰਐਸਐਸ ਵਲੋਂ ਸਿਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਵਿਗਾੜ ਕੇ ਪ੍ਰਕਾਸ਼ਤ ਕੀਤੀਆਂ ਵਿਵਾਦਤ ਪੁਸਤਕਾਂ ਨੂੰ ਤੁਰਤ ਜ਼ਬਤ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੇ।
ਪ੍ਰੋ. ਸਰਚਾਂਦ ਸਿੰਘ ਵਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਆਰਐਸਐਸ ਸਿੱਖ ਕੌਮ ਨਾਲ
ਨੇੜਤਾ ਵਧਾਉਣ ਦੀ ਕੋਸ਼ਿਸ਼ ਅਤੇ ਅਪੀਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਹੀ ਆਰਐਸਐਸ ਗੁਰ ਇਤਿਹਾਸ ਨੂੰ ਤੋੜ ਮਰੋੜ ਕੇ ਪ੍ਰਕਾਸ਼ਤ ਕਰਨ ਦੀ ਗੁਸਤਾਖ਼ੀ ਕਰਦਿਆਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਆਰਐਸਐਸ ਨੂੰ ਯਾਦ ਦਵਾਇਆ ਕਿ ਭਾਰਤ ਇਕ ਬਹੁ ਕੌਮੀ ਦੇਸ਼ ਹੈ ਜਿਥੇ ਹਰ ਕੌਮ ਅਤੇ ਫ਼ਿਰਕਿਆਂ ਨੂੰ ਬਰਾਬਰ ਦੇ ਅਧਿਕਾਰ ਅਤੇ ਕਰਤੱਬ ਹਨ, ਇਸ 'ਤੇ ਪਹਿਰਾ ਦਿਤੇ ਬਿਨਾ ਦੇਸ਼ ਦੀ ਅਖੰਡਤਾ ਕਾਇਮ ਨਹੀਂ ਰਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਇਕ ਵਖਰੀ ਕੌਮ ਹੈ
Baba Harnam Singh
ਅਤੇ ਇਸ ਦਾ ਗੌਰਵਸ਼ਾਲੀ ਵਿਲੱਖਣ ਇਤਿਹਾਸ ਹੈ। ਆਰਐਸਐਸ ਵਲੋਂ ਮੌਜੂਦਾ ਇਤਿਹਾਸ ਨੂੰ ਹਿੰਦੂ ਵਿਰੋਧੀ ਠਹਿਰਾਉਂਦਿਆਂ ਨਵੇਂ ਸਿਰੇ ਤੋਂ ਇਤਿਹਾਸ ਲਿਖਣ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨਸੀਹਤ ਦਿਤੀ ਕਿ 'ਨਾ ਕਹੁ ਅਬ ਕੀ ਨਾ ਕਹੁ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ।' ਉਨ੍ਹਾਂ ਅਖੌਤੀ ਸਾਧ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਪਮਾਨਜਨਕ ਟਿਪਣੀਆਂ ਲਈ ਉਸ 'ਤੇ ਸਖ਼ਤ ਕਾਰਵਾਈ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਠਲ ਪਾਏ ਬਿਨਾ ਸਮਾਜ ਦਾ ਵਾਪਾਰਨ ਖ਼ੁਸ਼ਗਵਾਰ ਨਹੀਂ ਰਖਿਆ ਜਾ ਸਕਦਾ।