
ਕੀਰਤਨ ਸਮਾਗਮਾਂ ਲਈ ਗਠਤ ਵਿਸ਼ੇਸ਼ ਕਮੇਟੀ ਦੀ ਇਕੱਤਰਤਾ ਮੌਕੇ ਫ਼ੈਸਲਾ ਲਿਆ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਿਆਂ ਵਲੋਂ 20 ਅਕਤੂਬਰ ਤੋਂ 20 ਨਵੰਬਰ ਤਕ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਹ ਕੀਰਤਨ ਨਿਰਧਾਰਤ ਰਾਗਾਂ ਵਿਚ ਹੋਵੇਗਾ। ਸ਼੍ਰੋਮਣੀ ਕਮੇਟੀ ਵਲੋਂ ਗੁਰੂ ਸਾਹਿਬ ਦੀ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਹੋਣ ਵਾਲੇ ਕੀਰਤਨ ਸਮਾਗਮਾਂ ਲਈ ਗਠਤ ਕੀਤੀ ਗਈ ਇਕ ਵਿਸ਼ੇਸ਼ ਕਮੇਟੀ ਦੀ ਇਕੱਤਰਤਾ ਮੌਕੇ ਇਹ ਫ਼ੈਸਲਾ ਲਿਆ ਗਿਆ ਹੈ।
Guru Purb
ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਮੈਂਬਰ ਸ. ਸ਼ਿੰਗਾਰਾ ਸਿੰਘ ਲੋਹੀਆਂ, ਮੈਂਬਰ ਸ. ਜਰਨੈਲ ਸਿੰਘ ਡੋਗਰਾਂਵਾਲਾ ਆਦਿ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ 11 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ।
Gobind Singh Longowal and others
ਉਥੇ ਹੀ ਸ਼ਤਾਬਦੀ ਨੂੰ ਸਮਰਪਿਤ 20 ਅਕਤੂਬਰ ਤੋਂ 20 ਨਵੰਬਰ ਤਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰੇ ਹਜ਼ੂਰੀ ਰਾਗੀ ਜਥੇ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਨੂੰ ਉਨ੍ਹਾਂ ਵਲੋਂ ਗਾਇਨ ਅਤੇ ਅੰਕਿਤ ਕੀਤੇ ਗਏ ਨਿਰਧਾਰਤ ਰਾਗਾਂ ਵਿਚ ਗਾਇਨ ਕਰਨਗੇ। ਉਨ੍ਹਾਂ ਇਹ ਵੀ ਦਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ ਤੰਤੀ ਸਾਜ਼ਾਂ ਦੇ ਮਾਹਰ ਰਾਗੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।