
Panthak News: ਜਥੇਦਾਰ ਜੇਕਰ ਸਹੀ ਫ਼ੈਸਲਾ ਲੈਂਦੇ ਹਨ ਤਾਂ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਵੀ ਬਹਾਲ ਰਹਿ ਸਕਦੀ ਹੈ
The Jathedars of the thrones have to restore the supremacy of the Akal Takht Panthak News Charanjit Brar: ਬਾਗ਼ੀ ਅਕਾਲੀ ਧੜੇ ਦੇ ਇਕ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਸੋਸ਼ਲ ਮੀਡੀਆ ਉਪਰ ਇਕ ਪੋਸਟ ਪਾ ਕੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਜਥੇਦਾਰਾਂ ਉਪਰ ਬਹੁਤ ਵੱਡੀ ਜ਼ੁੰਮੇਵਾਰੀ ਆਣ ਖੜੀ ਹੈ ਕਿਉਂਕਿ ਅੱਜ ਉਨ੍ਹਾਂ ਸੁਨੇਹਾ ਦੇਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਬਣਾਈ ਰਖਣਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣ ਕੇ ਰਹਿਣਾ ਹੈ।
ਉਹ ਅੱਗੇ ਲਿਖਦੇ ਹਨ ਕਿ ਜਥੇਦਾਰ ਜੇਕਰ ਸਹੀ ਫ਼ੈਸਲਾ ਲੈਂਦੇ ਹਨ ਤਾਂ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਵੀ ਬਹਾਲ ਰਹਿ ਸਕਦੀ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਬਚ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਚ ਸਕਦਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਚੱਕਰ ਵਿਚ ਪੈ ਗਏ ਤਾਂ ਸਾਰੀਆਂ ਸੰਸਥਾਵਾਂ ਦਾ ਪੰਥਕ ਲੋਕਾਂ ਦੇ ਮਨਾਂ ਵਿਚ ਸਤਿਕਾਰ ਨਹੀਂ ਰਹੇਗਾ ਤੇ ਨਾ ਹੀ ਸੰਸਥਾਵਾਂ ਬਚਣਗੀਆਂ।
ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਗ਼ਲਤ ਫ਼ੈਸਲੇ ਨਾਲ ਆਉਣ ਵਾਲੇ ਦਿਨਾਂ ਵਿਚ ਹੋ ਰਹੀਆਂ ਐਸਜੀਪੀਸੀ ਦੀਆਂ ਆਮ ਚੋਣਾਂ ਵਿਚ ਕੋਈ ਹੋਰ ਧਿਰ ਜਿੱਤੇਗੀ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਖ਼ਤਮ, ਐਸਜੀਪੀਸੀ ਵੀ ਖ਼ਤਮ ਅਤੇ ਨਵੇਂ ਜਿੱਤੇ ਲੋਕ ਜਥੇਦਾਰਾਂ ਨੂੰ ਵੀ ਬਦਲਣਗੇ। ਸੋ ਜਥੇਦਾਰ ਅਕਾਲ ਤਖ਼ਤ ਕੋਲ ਇਕੋ ਇਕ ਰਸਤਾ ਹੈ ਕਿ ਸਖ਼ਤ ਫ਼ੈਸਲੇ ਲੈ ਕੇ ਸੱਭ ਨੂੰ ਸਖ਼ਤ ਸਜ਼ਾ ਦੇਣ ਤੇ ਮੌਜੂਦਾ ਸਾਰੇ ਤੰਤਰ ਨੂੰ ਬਦਲ ਕੇ ਸਾਰੀਆਂ ਧਿਰਾਂ ਦੀ ਸਾਂਝੀ ਪ੍ਰੈਜ਼ੀਡੀਅਮ ਬਣਾ ਦੇਣ।
ਉਸ ਪ੍ਰੈਜ਼ੀਡੀਅਮ ਥੱਲੇ ਨਵੀਂ ਭਰਤੀ ਹੋਵੇ ਤੇ ਭਰਤੀ ਤੋਂ ਬਾਅਦ ਨਵੇਂ ਸਿਰੇ ਤੋਂ ਚੋਣ ਵਿਚ ਕੋਈ ਵੀ ਪ੍ਰਧਾਨ ਬਣ ਜਾਵੇ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਬਚ ਜਾਵੇਗਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਕੋਲ ਰਹੇਗਾ ਅਤੇ ਜਥੇਦਾਰਾਂ ਦਾ ਵੀ ਰੁਤਬਾ ਬਹਾਲ ਹੋਵੇਗਾ। ਬਰਾੜ ਨੇ ਇਨ੍ਹਾਂ ਵਿਚਾਰਾਂ ਨੂੰ ਵਿਅਕਤੀਗਤ ਤੌਰ ’ਤੇ ਗੁਰੂ ਪੰਥ ਦੇ ਦਾਸ ਇਕ ਸਿੱਖ ਵੋਟਰ ਵਜੋਂ ਪ੍ਰਗਟ ਕਰਦੇ ਹੋਏ ਇਸ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦੀ ਵੀ ਇਸ ਪੋਸਟ ’ਚ ਅਪੀਲ ਕੀਤੀ ਹੈ।