ਗੁਰੂ ਗ੍ਰੰਥ ਸਾਹਿਬ ਨੂੰ ਅਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਬਣਾਉਣ ਵਾਲਾ ਕਾਂਸ਼ੀ ਰਾਮ
Published : Oct 18, 2020, 8:56 am IST
Updated : Oct 18, 2020, 8:56 am IST
SHARE ARTICLE
Kanshi Ram
Kanshi Ram

9 ਅਕਤੂਬਰ ਇਨਕਲਾਬੀ ਆਗੂ ਕਾਂਸ਼ੀ ਰਾਮ ਜੀ ਦੇ ਸਦੀਵੀ ਵਿਛੋੜੇ ਦਾ ਦਿਨ ਸੀ

9 ਅਕਤੂਬਰ ਇਨਕਲਾਬੀ ਆਗੂ ਕਾਂਸ਼ੀ ਰਾਮ ਜੀ ਦੇ ਸਦੀਵੀ ਵਿਛੋੜੇ ਦਾ ਦਿਨ ਸੀ। ਸਾਲ 2006 ਵਿਚ ਇਸੇ ਦਿਨ ਉਹ ਲੱਖਾਂ ਕਰੋੜਾਂ ਲੋਕਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ  ਹਮੇਸ਼ਾ ਲਈ ਤੁਰ ਗਏ ਸਨ। 15 ਮਾਰਚ 1935 ਨੂੰ ਪੰਜਾਬ ਦੇ ਖੁਆਸਪੁਰ (ਰੋਪੜ) ਵਿਚ ਜਨਮੀ ਇਸ ਸ਼ਖ਼ਸੀਅਤ ਨੇ ਅਪਣੀ ਹਯਾਤੀ ਦੇ 71 ਸਾਲ ਹੀ ਪੂਰੇ ਕੀਤੇ ਸਨ ਪਰ ਉਹ ਯੁਗਾਂ ਦਾ ਕੰਮ ਮੁਕਾ ਕੇ ਯੁਗਾਂ ਲਈ ਪੂਰਨੇ ਪਾ ਗਏ। ਉਨ੍ਹਾਂ ਦੀ ਸਿਹਤ ਤਾਂ ਚੰਗੀ ਸੀ ਅਤੇ ਉਹ ਜਵਾਨੀ ਵੇਲੇ ਕੁਸ਼ਤੀਆਂ ਖੇਡਣ ਦਾ ਸ਼ੌਕ ਵੀ ਰਖਦੇ ਸਨ ਪਰ ਦਿਨ ਰਾਤ ਦੀ ਅਣਥੱਕ ਮਿਹਨਤ ਅਤੇ ਅੰਤਾਂ ਦੇ ਸੰਘਰਸ਼ ਕਾਰਨ ਸਮੇਂ ਸਿਰ ਖਾਣ-ਪੀਣ ਦਾ ਖ਼ਿਆਲ ਨਾ ਰਖ ਸਕੇ,

Kanshi RamKanshi Ram

ਸਮੇਂ ਸਿਰ ਦਵਾਈ ਨਾ ਲੈ ਸਕੇ ਅਤੇ ਲੋੜ ਵੇਲੇ ਡਾਕਟਰ ਤਕ ਜਾਣ ਦਾ ਵੀ ਸਮਾਂ ਨਾ ਕੱਢ ਸਕੇ... ਬੱਸ ਸੰਘਰਸ਼ ਦੇ ਰਾਹ 'ਤੇ ਤੁਰਦੇ ਰਹੇ ਅਤੇ ਕਦੇ ਥੱਕੇ ਨਹੀਂ। ਅਪਣੇ ਸੰਘਰਸ਼ ਦੌਰਾਨ ਉਨ੍ਹਾਂ ਨੇ ਅਪਣੀ ਸਿਹਤ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਕਈ ਬਿਮਾਰੀਆਂ ਸਹੇੜ ਲਈਆਂ। ਉਨ੍ਹਾਂ ਨੇ ਸੁੱਤੇ ਸਮਾਜ ਨੂੰ ਜਾਗ੍ਰਿਤ ਕਰਨ ਲਈ ਸਾਈਕਲ ਮਾਰਚ ਦਾ ਪ੍ਰੋਗਰਾਮ ਸ਼ੁਰੂ ਕੀਤਾ। ਉਸ ਵੇਲੇ ਆਮ ਲੋਕਾਂ ਦਾ ਆਉਣ ਜਾਣ ਦਾ ਸਾਧਨ ਸਾਈਕਲ ਹੀ ਸੀ ਜੋ ਉਨ੍ਹਾਂ ਦੇ ਮਨ ਨੂੰ ਟੁੰਬਦਾ ਸੀ। ਦੋ ਪਹੀਆ (ਸਾਈਕਲ), ਦੋ ਪੈਰਾਂ (ਪੈਦਲ) ਦਾ ਕਮਾਲ ਹੀ ਸੀ ਜੋ ਕਾਂਸ਼ੀ ਰਾਮ ਦੇ ਹਥਿਆਰ ਬਣ ਗਏ।

Kanshi RamKanshi Ram

ਉਨ੍ਹਾਂ ਨੇ ਦਿੱਲੀ ਤੋਂ ਅਪਣਾ ਸਾਈਕਲ ਮਾਰਚ ਸ਼ੁਰੂ ਕੀਤਾ। ਪਿੰਡਾਂ ਸ਼ਹਿਰਾਂ ਦੀਆਂ ਵੱਡੀਆਂ ਛੋਟੀਆਂ ਸੜਕਾਂ ਕਛਦਿਆਂ ਉਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਫਿਰ ਵਾਪਸ ਦਿੱਲੀ ਤਕ ਲਗਭਗ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਸਫ਼ਰ ਤੈਅ ਕੀਤਾ। ਸਾਈਕਲ ਚਲਾਉਂਦਿਆਂ ਭਾਵੇਂ ਸੀਟ 'ਤੇ ਲਗਾਤਾਰ ਬੈਠਣ ਨਾਲ ਜਖ਼ਮ ਬਣ ਗਏ ਸਨ ਪਰ ਉਨ੍ਹਾਂ ਨੇ ਕੋਈ ਪ੍ਰਵਾਹ ਨਾ ਕੀਤੀ। ਉਹ ਰਾਤ ਨੂੰ ਜਿਥੇ ਵੀ ਠਹਿਰਦੇ ਸਨ, ਉਥੇ ਜਖ਼ਮਾਂ 'ਤੇ ਥੋੜ੍ਹੀ ਬਹੁਤੀ ਦਵਾਈ ਵਗੈਰਾ ਲਗਾ ਲੈਂਦੇ ਸਨ ਅਤੇ ਅਗਲੀ ਸਵੇਰ ਫਿਰ ਸਫ਼ਰ ਲਈ ਤਿਆਰ ਹੋ ਜਾਂਦੇ।

Kanshi RamKanshi Ram

ਸਾਈਕਲ ਮਾਰਚ ਦੌਰਾਨ ਜਦੋਂ ਉਨ੍ਹਾਂ ਨੇ ਮੁੜਦੇ ਹੋਏ ਸਾਡੇ ਇਲਾਕੇ (ਲਾਲੜੂ, ਚੰਡੀਗੜ੍ਹ-ਅੰਬਾਲਾ ਰੋਡ) ਵਿਚੋਂ ਲੰਘਣਾ ਸੀ ਤਾਂ ਅਸੀ ਉਨ੍ਹਾਂ ਦੇ ਸਵਾਗਤ ਲਈ ਚਾਹ ਪਾਣੀ ਦਾ ਪ੍ਰਬੰਧ ਕਰ ਲਿਆ। ਉਸ ਦਿਨ ਮੌਸਮ ਅਚਾਨਕ ਇੰਨਾ ਖ਼ਰਾਬ ਹੋ ਗਿਆ ਕਿ ਮੀਂਹ ਅਤੇ ਝੱਖੜ ਨੇ ਤੋਬਾ ਕਰਵਾ ਦਿਤੀ ਪਰ ਉਹ ਤੁਰਦੇ ਰਹੇ। ਉਹ ਕਦੇ ਸਾਈਕਲ ਫੜ ਕੇ ਪੈਦਲ ਤੁਰਦੇ ਤੇ ਕਦੇ ਸਾਈਕਲ ਉਪਰ ਚੜ੍ਹ ਜਾਂਦੇ ਪਰ ਕਹਿਰ ਦਾ ਇਹ ਤੂਫ਼ਾਨ ਵੀ ਉਨ੍ਹਾਂ ਨੂੰ ਰੋਕ ਨਾ ਸਕਿਆ। ਗੰਭੀਰ ਹਾਲਤ ਵੇਖਦਿਆਂ ਅਸੀ ਛੇਤੀ ਛੇਤੀ ਚਾਹ ਪਾਣੀ ਵਰਤਾਉਣ ਲੱਗੇ ਤਾਂ ਉਨ੍ਹਾਂ ਆਖਿਆ, ''ਸਾਡੇ ਕਾਫ਼ਲੇ ਦੇ ਕੁੱਝ ਮੈਂਬਰਾਂ ਦੀ ਠੰਢ ਅਤੇ ਮੀਂਹ ਕਾਰਨ ਹਾਲਤ ਖ਼ਰਾਬ ਹੋ ਗਈ ਹੈ ਅਤੇ ਅਗਲੇ ਪੜਾਅ ਅੰਬਾਲੇ ਤਕ ਪਹੁੰਚਦਿਆਂ ਤਾਂ ਦੋ-ਤਿੰਨ ਸਾਥੀਆਂ ਨੇ ਚੜ੍ਹਾਈ ਕਰ ਜਾਣੀ ਹੈ। ਇਸ ਲਈ ਅੱਜ ਰਾਤ ਠਹਿਰਣ ਦਾ ਪ੍ਰੋਗਰਾਮ ਇਥੇ ਹੀ ਕਰ ਦਿਉ।''

Kanshi RamKanshi Ram

ਅਸੀ ਉਨ੍ਹਾਂ ਦੀ ਹਾਲਤ ਵੇਖ ਕੇ ਘਬਰਾ ਗਏ। ਛੇਤੀ ਹੀ ਅਸੀ ਉਨ੍ਹਾਂ ਦੇ ਰਹਿਣ ਲਈ ਜਿੰਨੇ ਕੰਬਲ ਅਤੇ ਰਜਾਈਆਂ ਮਿਲ ਸਕੀਆਂ ਇਕੱਠੀਆਂ ਕਰ ਲਿਆਏ। ਭਾਵੇਂ ਮੌਸਮ ਗਰਮੀਆਂ ਦਾ ਸੀ ਪਰ ਮੀਂਹ ਪੈਣ ਕਾਰਨ ਠੰਢ ਹੋ ਗਈ ਸੀ। ਉਨ੍ਹਾਂ ਦੇ ਸੰਘਰਸ਼ ਵਿਚ ਇਹੋ ਜਿਹੀਆਂ ਦਿਕਤਾਂ ਆਮ ਹੀ ਆਉਂਦੀਆਂ ਰਹਿੰਦੀਆਂ ਸਨ। ਅਸੀ ਉਨ੍ਹਾਂ ਨੂੰ ਮੁਢਲੇ ਦਿਨਾਂ ਵਿਚ ਸੁੱਕੀ ਰੋਟੀ, ਪਿਆਜ਼ ਅਤੇ ਆਚਾਰ ਨਾਲ ਖਾਂਦਿਆਂ ਵੀ ਵੇਖਿਆ ਸੀ। ਉਨ੍ਹਾਂ ਨੇ ਕਈ ਡੰਗ ਭੁੱਖਾ ਰਹਿਣ ਬਾਰੇ ਵੀ ਸਾਨੂੰ ਦਸਿਆ ਸੀ। ਸਿਰਫ਼ ਚਾਹ ਦੇ ਕੱਪ ਅਤੇ ਸਾਰਾ ਸਾਰਾ ਦਿਨ ਲੋਕਾਂ ਵਿਚ ਵਿਚਰਦਿਆਂ, ਗੱਲਬਾਤ ਕਰਦਿਆਂ, ਲੈਕਚਰ ਦਿੰਦਿਆਂ ਕਈ ਵਾਰੀ ਉਨ੍ਹਾਂ ਦੇ ਗਲੇ ਵਿਚੋਂ ਖ਼ੂਨ ਵੀ ਨਿਕਲਣ ਲੱਗ ਪੈਂਦਾ। ਡਾਕਟਰ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੰਦੇ ਪਰ ਉਹ ਅਰਾਮ ਕਰਨ ਦਾ ਸਮਾਂ ਵੀ ਨਾ ਕਢਦੇ।

Kanshi RamKanshi Ram

24 ਘੰਟਿਆਂ ਵਿਚੋਂ ਉਹ ਕਈ ਵਾਰੀ ਇਕ-ਦੋ ਘੰਟੇ ਸੌਂ ਕੇ ਹੀ ਸਾਰ ਲੈਂਦੇ ਸਨ। ਇਹ ਕਿਹੋ ਜਿਹਾ ਦਰਦ ਸੀ ਜੋ ਉਹ ਸੀਨੇ ਵਿਚ ਲੈ ਕੇ ਚਲ ਰਹੇ ਸਨ ਅਤੇ ਜਿਹੜਾ ਉਨ੍ਹਾਂ ਨੂੰ ਦਿਨ ਰਾਤ ਟਿਕਣ ਨਹੀਂ ਸੀ ਦੇ ਰਿਹਾ? ਕਿਸ ਦਰਦ ਨੇ ਉਨ੍ਹਾਂ ਦੀ ਭਲੀ ਚੰਗੀ ਨੌਕਰੀ ਛੁਡਵਾ ਕੇ ਭਰਿਆ-ਪੂਰਾ ਪ੍ਰਵਾਰ ਇਕ ਪਾਸੇ ਕਰ ਕੇ ਉਨ੍ਹਾਂ ਨੂੰ ਇਨ੍ਹਾਂ ਔਝੜੇ ਰਾਹਾਂ ਦਾ ਰਾਹੀ ਬਣਾ ਦਿਤਾ ਸੀ? ਇਹ ਦਰਦ ਸੀ ਉਨ੍ਹਾਂ ਕਰੋੜਾਂ ਲੋਕਾਂ ਦੀਆਂ ਅਕਹਿ ਦੁਸ਼ਵਾਰੀਆਂ ਦਾ, ਉਨ੍ਹਾਂ ਅਤੇ ਉਨ੍ਹਾਂ ਦੇ ਪੁਰਖਿਆਂ 'ਤੇ ਸਦੀਆਂ ਤੋਂ ਹੁੰਦੇ ਆ ਰਹੇ ਜ਼ੁਲਮਾਂ ਤੇ ਅਤਿਆਚਾਰਾਂ ਦੀਆਂ ਸੀਨਾ ਵਿੰਨ੍ਹਵੀਆਂ ਚੀਸਾਂ ਦਾ, ਇਹ ਦਰਦ ਸੀ ਅਤੀਤ ਵਿਚ ਵਿਚਰਦੇ ਉਨ੍ਹਾਂ ਲੋਕਾਂ ਦੇ ਨੰਗੇ ਪਿੰਡਿਆਂ ਅਤੇ ਖ਼ਾਲੀ ਢਿੰਡਾਂ ਦੇ ਤਸੱਵਰ ਦਾ, ਜੋ ਉੱਚ ਜਾਤੀਆਂ ਦੀ ਉਤਰਨ ਨਾਲ ਹੀ ਢੱਕੇ ਜਾਂਦੇ ਸਨ ਅਤੇ ਉਨ੍ਹਾਂ ਦੀ ਹੀ ਛੱਡੀ ਜੂਠ ਨਾਲ ਜਾਂ ਮਰੇ ਡੰਗਰ ਖਾਣ ਨਾਲ ਹੀ ਭਰੇ ਜਾਂਦੇ ਸਨ।

Kanshi RamKanshi Ram

ਕਾਂਸ਼ੀ ਰਾਮ ਜੀ ਇਸ ਤਰ੍ਹਾਂ ਚੰਬਲ ਘਾਟੀ ਪਾਰ ਕਰਦਿਆਂ, ਲੂਆਂ ਤੇ ਝੱਖੜਾਂ ਨਾਲ ਦੋ ਹੱਥ ਕਰਦਿਆਂ ਇਕ ਆਮ ਵਿਅਕਤੀ ਤੋਂ ਇਨਕਲਾਬ ਅਤੇ ਬਗ਼ਾਵਤ ਦਾ ਚਿੰਨ੍ਹ ਬਣ ਗਏ। ਉਹ ਲੁਟਿਆਂ-ਪੁਟਿਆਂ, ਦੁਖੀਆਂ ਅਤੇ ਲਾਚਾਰਾਂ ਦਾ ਮਸੀਹਾ ਬਣ ਗਏ। ਉਨ੍ਹਾਂ ਦੀ ਅਜਿਹੀ ਛਵੀ ਬਣ ਗਈ ਸੀ ਕਿ ਕਹਿੰਦੇ ਕਹਾਉਂਦੇ ਖ਼ਾਨਦਾਨੀ ਉੱਚ ਜਾਤੀ ਦੇ ਸਿਆਸਤਦਾਨ ਵੀ ਉਨ੍ਹਾਂ ਤੋਂ ਤਰਾਹੁਣ ਲੱਗ ਪਏ ਸਨ। ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਸੀ ਕਿ ਉਨ੍ਹਾਂ ਦੀ ਗਰਜ ਦਿੱਲੀ ਦੇ ਤਖ਼ਤ ਨੂੰ ਵੀ ਤ੍ਰੇਲੀਆਂ ਲਿਆ ਦਿੰਦੀ ਸੀ। ਇਸ ਵਿਚ ਉਨ੍ਹਾਂ ਦੀ ਜੰਮਣ ਭੋਂਇ ਦੀ ਤਾਸੀਰ ਦਾ ਵੀ ਜ਼ਰੂਰ ਹੱਥ ਹੋਵੇਗਾ ਜਿਸ ਨੇ ਕਦੇ ਖ਼ਾਲਸੇ ਨੂੰ ਪ੍ਰਵਾਨ ਚੜ੍ਹਦਿਆਂ ਵੇਖਿਆ ਹੋਵੇਗਾ,

Kanshi RamKanshi Ram

ਮਸ਼ਕਾਂ ਕਰਦਿਆਂ ਘੋੜਿਆਂ ਦੇ ਪੌੜਾਂ ਦੀ ਟਾਪ ਸੁਣੀ ਹੋਵੇਗੀ, ਜੋ ਜ਼ੁਲਮ ਅਤਿਆਚਾਰਾਂ ਦੇ ਖ਼ਾਤਮੇ ਲਈ ਫ਼ੌਜ ਦੀ ਤਿਆਰੀ ਦੀਆਂ ਆਵਾਜ਼ਾਂ ਸਨ। ਆਨੰਦਪੁਰ ਸਾਹਿਬ ਦੀ ਮਿੱਟੀ ਵਿਚ ਅਤੇ ਜਲ ਵਿਚ ਹਾਲੇ ਵੀ ਕੋਈ ਸੁਨੇਹਾ ਸੀ ਜੋ ਸੱਭ ਲਈ ਹੈ ਪਰ ਹਰ ਕੋਈ ਨਹੀਂ ਵਾਚ ਸਕਦਾ। ਸ਼ਾਇਦ ਕਾਂਸ਼ੀ ਰਾਮ ਤੇ ਉਨ੍ਹਾਂ ਦੀ ਸਿੱਖੀ ਪ੍ਰਤੀ ਡੂੰਘੀ ਜਾਣਕਾਰੀ ਇਹ ਸੁਨੇਹਾ ਪੜ੍ਹ ਗਈ ਜਾਪਦੀ ਸੀ। ਜਦ ਕਦੇ ਉਹ ਮੇਰੇ ਕੋਲ ਚੰਡੀਗੜ੍ਹ ਠਹਿਰਦੇ ਤਾਂ ਦੇਰ ਰਾਤ ਤਕ ਹੋਰ ਗੱਲਾਂ ਤੋਂ ਇਲਾਵਾ ਸਿੱਖ ਸੰਘਰਸ਼ ਅਤੇ ਸਿੱਖੀ ਅਸੂਲਾਂ ਬਾਰੇ ਹੀ ਗੱਲਾਂ ਕਰਦੇ।

Kanshi RamKanshi Ram

ਸਿੱਖੀ ਵਿਚ ਆਈਆਂ ਕੁਰੀਤੀਆਂ ਬਾਰੇ ਗੱਲਾਂ ਕਰਦਿਆਂ ਉਹ ਬਹੁਤ ਦੁਖੀ ਹੋ ਜਾਂਦੇ। ਫਿਰ ਸਿੱਖ ਆਗੂਆਂ ਨੂੰ ਵੀ ਕੋਸਦੇ, ਜਿਨ੍ਹਾਂ ਨੇ ਏਨੀ ਵੱਡੀ ਮਨੁੱਖ ਪੱਖੀ ਲਹਿਰ ਰੋਲ ਛੱਡੀ। ਕਾਂਸ਼ੀ ਰਾਮ, ਉਨ੍ਹਾਂ ਦੀ ਦਲੇਰੀ ਅਤੇ ਸੰਘਰਸ਼ੀ ਦ੍ਰਿੜਤਾ ਉਤੇ ਕਦੇ ਕਦੇ ਤਾਂ ਸਿੱਖੀ ਸੰਘਰਸ਼ ਦੀ ਛਾਪ ਸਾਫ਼ ਤੇ ਸਪਸ਼ਟ ਉਘੜ ਕੇ ਸਾਹਮਣੇ ਆ ਜਾਂਦੀ ਸੀ।
ਕਾਂਸ਼ੀ ਰਾਮ ਜੀ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਲੈ ਕੇ ਕੰਮ ਕਰ ਰਹੇ ਸਨ, ਜਿਸ ਵਿਚ ਹੋਰ ਵੀ ਕਿੰਨੇ ਮਹਾਂਪੁਰਸ਼ਾਂ ਦੀ ਸੋਚ, ਵਿਚਾਰਧਾਰਾ ਤੇ ਕਥਨ ਸ਼ਾਮਲ ਹਨ। ਡਾ. ਅੰਬੇਡਕਰ ਨੇ ਕਿਹਾ ਸੀ ਕਿ, ''ਬੁਧ ਅਤੇ ਗੁਰੂ ਨਾਨਕ ਵਾਂਗੂ ਸੱਚ ਨੂੰ ਸੱਚ ਕਹਿਣ ਦੀ ਜੁਰਅਤ ਪੈਦਾ ਕਰੋ ਅਤੇ ਝੂਠ ਵਿਰੁਧ ਡਟ ਕੇ ਖੜੋ।''

Kanshi RamKanshi Ram

ਡਾ. ਅੰਬੇਡਕਰ ਕਬੀਰ ਸਾਹਬ ਤੋਂ ਵੀ ਬਹੁਤ ਪ੍ਰਭਾਵਤ ਸਨ। ਉਨ੍ਹਾਂ ਨੂੰ ਉਹ ਅਪਣੇ ਗੁਰੂਆਂ 'ਚੋਂ ਇਕ ਮੰਨਦੇ ਸਨ। ਸ਼ਾਇਦ ਇਸੇ ਕਰ ਕੇ ਉਨ੍ਹਾਂ ਦਾ ਸਿੱਖੀ ਵੱਲ ਵੀ ਝੁਕਾਅ ਰਿਹਾ ਹੈ। ਕਾਂਸ਼ੀ ਰਾਮ ਜੀ ਦੇ ਪਿਤਾ ਸ. ਹਰੀ ਸਿੰਘ ਅਤੇ ਮਾਤਾ ਬਿਸ਼ਨ ਕੌਰ ਵੀ ਸਿੱਖੀ ਸਰੂਪ ਵਿਚ ਸਨ। ਕਾਂਸ਼ੀ ਰਾਮ ਨੇ ਤਾਂ ਅਪਣੇ ਸੰਘਰਸ਼ ਦੀ ਪਹਿਲੀ ਪੌੜੀ 'ਬਾਮਸੇਫ਼' ਬਣਾਉਣ ਲਗਿਆਂ ਹੋਰਾਂ ਸਮੇਤ ਮੁਸਲਿਮ, ਇਸਾਈ, ਧਾਰਮਕ ਘੱਟ ਗਿਣਤੀਆਂ ਦੇ ਨਾਲ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਸੀ।

Kanshi RamKanshi Ram

ਇਸ ਜਥੇਬੰਦੀ ਨੂੰ ਉਨ੍ਹਾਂ ਅਪਣੀ ਲਹਿਰ ਦਾ 'ਦਿਮਾਗ਼' ਮੰਨਿਆ ਸੀ ਅਤੇ ਇਸ ਨੂੰ ਅੱਲਾਦੀਨ ਦਾ ਚਿਰਾਗ਼ ਵੀ ਕਹਿੰਦੇ ਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ 'ਬਾਮ ਸੇਫ਼' ਵਿਚ ਸ਼ਾਮਲ ਲੋਕ ਸਾਰੇ ਗਾਹੇ ਬਗਾਹੇ ਸਥਾਪਤ ਘਟੀਆ ਵਿਵਸਥਾ ਦੀ ਕਰੂਰਤ ਦਾ ਸ਼ਿਕਾਰ ਹੁੰਦੇ ਰਹੇ ਹਨ। ਇਸ ਸੱਭ ਕੁੱਝ ਕਰ ਕੇ ਹੀ ਸ਼ਾਇਦ ਉਨ੍ਹਾਂ ਦਾ ਸਿੱਖੀ ਨਾਲ ਲਗਾਉ ਸੀ ਅਤੇ ਸਿੱਖੀ ਦਾ ਨਿਘਾਰ ਵੇਖ ਕੇ ਉਹ ਨਿਰਾਸ਼ ਹੋ ਜਾਂਦੇ ਸਨ।

Kanshi RamKanshi Ram

ਮੈਨੂੰ ਯਾਦ ਹੈ ਜਦੋਂ ਪੰਜਾਬ ਵਿਚ ਇਕ ਵਾਰੀ ਸੰਨਾਟਾ ਛਾ ਗਿਆ ਸੀ। ਦਿਨ ਰਾਤ ਦਹਿਸ਼ਤ ਦਾ ਮਾਹੌਲ, ਕਰਫ਼ਿਊ ਵਰਗੇ ਹਾਲਾਤ, ਸ੍ਰੀ ਦਰਬਾਰ ਸਾਹਿਬ ਢਾਹਿਆ ਗਿਆ, ਖ਼ੂਨ-ਖ਼ਰਾਬਾ, ਚਾਰੇ ਪਾਸੇ ਗੋਲੀਆਂ ਦੀ ਆਵਾਜ਼, ਪੰਜਾਬ ਦੀ ਜਵਾਨੀ ਤਬਾਹ, ਇੱਜ਼ਤ ਆਬਰੂ ਤਬਾਹ, ਕੁੱਝ ਨੌਜਵਾਨ ਅੰਦਰ ਡੱਕ ਦਿਤੇ, ਕੁੱਝ ਜਾਗਦੇ ਸੀ ਉਹ ਸੁਆ ਦਿਤੇ ਗਏ।  ਜਦੋਂ ਸਿੱਖ ਜਾਂ ਸਿੱਖੀ ਬਾਰੇ ਗੱਲ ਕਰਨਾ ਇਕ ਗੁਨਾਹ ਬਣ ਗਿਆ ਸੀ ਤਾਂ ਕਾਂਸ਼ੀ ਰਾਮ ਫਿਰ ਵੀ ਜਾਗਦੇ ਰਹੇ... ਉਹ ਸਿਰਫ਼ ਜਾਗਦੇ ਹੀ ਨਹੀਂ ਰਹੇ ਸਗੋਂ ਹੋਰਾਂ ਨੂੰ ਜਗਾਉਂਦੇ ਵੀ ਰਹੇ।

Kanshi RamKanshi Ram

ਉਹ ਜਦੋਂ ਵੀ ਕਿਸੇ ਸਮਾਗਮ ਜਾਂ ਇਕੱਠ ਵਿਚ ਜਾਂਦੇ ਤਾਂ ਸ਼ਰ੍ਹੇਆਮ ਸੱਚ ਦਾ ਹੋਕਾ ਦਿੰਦੇ ਜੋ ਉਸ ਸਮੇਂ ਇਕ ਵੱਡਾ ਜੁਰਮ ਬਣ ਚੁਕਾ ਸੀ। ਕਾਂਸ਼ੀ ਰਾਮ ਹੀ ਸਨ ਜਿਨ੍ਹਾਂ ਨੇ ਉਸ ਵੇਲੇ ਵੀ ਸਿੱਖਾਂ ਨੂੰ ਜਗਾਉਣ ਲਈ ਵੱਡੀ ਸਟੇਜ ਤੋਂ ਸਿੱਖਾਂ ਦੇ ਹੱਕ ਵਿਚ ਨਾਹਰਾ ਮਾਰਿਆ ਸੀ। ਉਨ੍ਹਾਂ ਨੇ ਆਖਿਆ ਸੀ, ''ਮੈਂ ਸਮਝਦਾ ਸੀ ਕਿ ਸਾਡੇ (ਦਲਿਤਾਂ) ਨਾਲ ਹੀ ਲੰਮੇ ਸਮੇਂ ਤੋਂ ਜ਼ਿਆਦਤੀਆਂ ਹੁੰਦੀਆਂ ਆ ਰਹੀਆਂ ਹਨ, ਜ਼ੁਲਮ ਅਤੇ ਅਤਿਆਚਾਰ ਹੁੰਦੇ ਆ ਰਹੇ ਹਨ ਪਰ ਮੈਂ ਵੇਖ ਰਿਹਾ ਹਾਂ ਕਿ ਪਿਛਲੇ ਥੋੜ੍ਹੇ ਸਮੇਂ ਵਿਚ ਹੀ ਸਿੱਖ, ਜੋ ਇਕ ਬਹਾਦਰ ਕੌਮ ਮੰਨੀ ਜਾਂਦੀ ਹੈ ਅਤੇ ਜੋ ਸੰਘਰਸ਼ ਕਰਨਾ ਵੀ ਜਾਣਦੀ ਹੈ, ਉਸ ਨਾਲ ਤਾਂ ਸਾਡੇ ਤੋਂ ਵੀ ਵੱਧ ਜ਼ੁਲਮ, ਅਤਿਆਚਾਰ ਅਤੇ ਅਨਿਆ ਹੋਇਆ ਹੈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਅਤੇ ਮੇਰੀ ਇਨ੍ਹਾਂ ਨਾਲ ਦਿਲੋਂ ਹਮਦਰਦੀ ਹੈ।''

Kanshi RamKanshi Ram

ਚਾਰ ਚੁਫੇਰਿਉਂ ਆਵਾਜ਼ਾਂ ਆਈਆਂ... ਕੰਧਾਂ ਦੇ ਵੀ ਕੰਨ ਖੜੇ ਹੋ ਗਏ, ''ਇਹ ਕੌਣ ਹੈ ਜੋ ਸ਼ਕਲ ਤੋਂ ਤਾਂ ਸਿੱਖ ਨਹੀਂ ਪਰ ਇਸ ਔਖੇ ਸਮੇਂ ਵਿਚ ਸਿੱਖਾਂ ਦਾ ਡਟ ਕੇ ਸਾਥ ਦੇ ਰਿਹਾ ਹੈ? ਕੀ ਇਸ ਨੂੰ ਕਾਨੂੰਨ ਜਾਂ ਡੰਡੇ ਦਾ ਡਰ ਨਹੀਂ?'' ਸਿੱਖ ਆਗੂਆਂ ਤਕ ਗੱਲ ਪਹੁੰਚੀ ਅਤੇ ਉਨ੍ਹਾਂ ਦਾ ਕਾਂਸ਼ੀ ਰਾਮ ਨਾਲ ਮਿਲ ਬੈਠਣ ਦਾ ਸਬੱਬ ਬਣਿਆ। ਸਿੱਖ ਆਗੂ ਹੈਰਾਨ ਰਹਿ ਗਏ ਕਿ ਇਸ ਨੂੰ ਕਿਵੇਂ ਡੂੰਘਾਈਆਂ ਤਕ ਸਿੱਖਾਂ ਦੀਆਂ ਸਮਸਿਆਵਾਂ ਦਾ ਗਿਆਨ ਹੈ? ਮਿਲ ਕੇ ਚਲਣ ਦੀਆਂ ਗੱਲਾਂ ਵੀ ਤੁਰੀਆਂ... ਪਰ ਫਿਰ ਅਜਿਹੇ ਹਾਲਾਤ ਪਲਟੇ ਕਿ ਇਕ ਚੰਗਾ ਮੌਕਾ ਖੁੰਝ ਗਿਆ ਜਾਂ ਆਖ ਲਈਏ ਕਿ ਮੌਕਾ ਪ੍ਰਸਤਾਂ ਨੇ ਖੁੰਝਾ ਲਿਆ।

Kanshi RamKanshi Ram

ਕੌਮ ਲਈ ਵਫ਼ਾਦਾਰੀ ਦੇ ਮੁਕਾਬਲੇ ਕੁਰਸੀ ਦਾ ਮੋਹ ਜਿੱਤ ਗਿਆ। ਕਾਂਸ਼ੀ ਰਾਮ ਤੇਜ਼ੀ ਨਾਲ ਦੇਸ਼ ਦੇ ਰਾਜਨੀਤਕ ਨਕਸ਼ੇ 'ਤੇ ਛਾ ਗਏ। ਉਨ੍ਹਾਂ ਵਲੋਂ ਬਣਾਈ ਪਾਰਟੀ ਦੇਸ਼ ਦੀ ਤੀਜੀ ਵੱਡੀ ਪਾਰਟੀ ਦੇ ਤੌਰ 'ਤੇ ਉਭਰ ਆਈ। ਦੇਸ਼ ਦਾ ਸੱਭ ਤੋਂ ਵੱਡਾ ਸੂਬਾ ਜੋ ਸੱਤ ਪੰਜਾਬਾਂ ਦੇ ਬਰਾਬਰ ਸੀ, ਉਹ ਵੇਖਦਿਆਂ ਹੀ ਵੇਖਦਿਆਂ ਵੱਡੇ ਰਾਜਨੀਤਕਾਂ ਦੇ ਹਥੋਂ ਕਦੋਂ ਕਿਰ ਗਿਆ, ਉਨ੍ਹਾਂ ਨੂੰ ਪਤਾ ਹੀ ਨਾ ਚਲਿਆ। ਅਜਿਹਾ ਇਕ ਵਾਰ ਨਹੀਂ ਬਲਕਿ ਚਾਰ ਵਾਰ ਹੋਇਆ। ਕਾਂਸ਼ੀ ਰਾਮ ਨੂੰ ਹੋਣੀ ਨੇ ਆ ਘੇਰਿਆ ਅਤੇ ਉਨ੍ਹਾਂ ਨੂੰ ਕਈ ਬਿਮਾਰੀਆਂ ਨੇ ਚਾਰ ਚੁਫੇਰਿਉਂ ਘੇਰਾ ਪਾ ਲਿਆ।

Kanshi RamKanshi Ram

ਲੱਖ ਯਤਨਾਂ ਦੇ ਬਾਵਜੂਦ ਵੀ 9 ਅਕਤੂਬਰ ਦਾ ਉਹ ਮਨਹੂਸ ਦਿਨ ਆ ਹੀ ਗਿਆ, ਤੇ ਕਾਂਸ਼ੀ ਰਾਮ ਜੀ ਦੀ ਉਹ ਤਮੰਨਾ ਵਿਚੇ ਹੀ ਰਹਿ ਗਈ ਜੋ ਉਹ ਕਈ ਵਾਰੀ ਦੁਹਰਾਇਆ ਕਰਦੇ ਸਨ। ਉਨ੍ਹਾਂ ਨੂੰ ਪੁਛਿਆ ਗਿਆ ਕਿ ਤੁਸੀ ਅਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਿਉਂ ਨਹੀਂ ਕਰਦੇ, ਜਿਵੇਂ ਹਰ ਪਾਰਟੀ ਕਰਦੀ ਹੈ? ਆਖ਼ਰ ਤੁਹਾਡਾ ਟੀਚਾ ਕੀ ਹੈ? ਤਾਂ ਉਨ੍ਹਾਂ ਕਿਹਾ, ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਮੇਰਾ ਚੋਣ ਮੈਨੀਫੈਸਟੋ ਹੈ ਅਤੇ ਇਹੀ ਮੇਰਾ ਟੀਚਾ ਹੈ ਜਿਸ ਨੂੰ ਮੈਂ ਪੰਜਾਬ ਤੋਂ ਬਾਹਰ ਵੀ ਪੂਰੇ ਦੇਸ਼ ਵਿਚ ਲਾਗੂ ਕਰਨਾ ਚਾਹੁੰਦਾ ਹਾਂ।'' ਕਿੱਡੀ ਮਾਨਵਵਾਦੀ ਸਰਬ-ਵਿਆਪੀ ਸੋਚ ਉਨ੍ਹਾਂ ਦੇ ਜ਼ਿਹਨ ਵਿਚ ਵਸੀ ਹੋਈ ਸੀ ਜੋ ਸਰਬੱਤ ਦਾ ਭਲਾ ਚਾਹੁੰਦੀ ਹੈ, ਕਿਰਤ ਵੰਡ ਛਕਣ ਦੀ ਗੱਲ ਕਰਦੀ ਹੈ, ਜੀਉ ਅਤੇ ਜਿਊਣ ਦੇ ਸਿਧਾਂਤ ਨੂੰ ਸਤਿਕਾਰਦੀ ਹੈ।
ਕਾਸ਼! ਕੋਈ ਇਸ ਸੋਚ ਨੂੰ ਅਗਾਂਹ ਤੋਰ ਸਕਦਾ!!
-ਮੋਬਾਈਲ : 98726-70278

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement