
ਉਨ੍ਹਾਂ ਕਿਹਾ ਕਿ ਨਸ਼ੇ ਦੇ ਇਸ ਕਾਰੋਬਾਰ ਦੇ ਤਾਰ ਦਿੱਲੀ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਅੱਤੇ ਪੰਜਾਬ ਵਿਚਲੇੇ ਤਸਕਰਾਂ ਦੇ ਸਬੰਧ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ
ਅੰਮ੍ਰਿਤਸਰ, 17 ਅਕਤੁਬਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਅੰਦਰ ਨਸ਼ਿਆਂ ਦੇ ਦਿਨੋ ਦਿਨ ਫੈਲ ਰਹੇ ਮਾਇਆ ਜਾਲ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ’ਚ ਨਸ਼ੇ ਦਾ ਪਸਾਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਦਿਨ ਪਰ ਦਿਨ ਭਾਰੀ ਵਾਧਾ ਹੋ ਰਿਹਾ ਹੈ| ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਨਾਲ, ਕਰੋੜਾਂ ਰੁਪਏ ਦੀ ਡਰੱਗਮਨੀ ਦੀ ਬਰਾਮਦਗੀ ਹਾਲਾਤ ਨੂੰ ਹੋਰ ਜ਼ਿਆਦਾ ਗੰਭੀਰ ਅਤੇ ਭਿਆਨਕ ਬਣਾ ਰਹੀ ਹੈ| ਹਾਲ ਹੀ ਦੀਆਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਇਸ ਕਾਰੋਬਾਰ ਦਾ ਧੁਰਾ ਬਣਦਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਨਸ਼ੇ ਦੇ ਇਸ ਕਾਰੋਬਾਰ ਦੇ ਤਾਰ ਦਿੱਲੀ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਅੱਤੇ ਪੰਜਾਬ ਵਿਚਲੇੇ ਤਸਕਰਾਂ ਦੇ ਸਬੰਧ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ|
ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਜਨਤਕ ਤੌਰ ’ਤੇ ਇਹ ਮੰਨਿਆ ਹੈ ਕਿ ਪੰਜਾਬ ’ਚ ਸਰਹੱਦ ਪਾਰੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ’ਚ ਨਸ਼ੇ ਦੇ ਰੁਝਾਨ ’ਚ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ’ਚ ਨਸ਼ਿਆਂ ਦਾ ਰੁਝਾਨ ਬੇਤਹਾਸ਼ਾ ਵਧਿਆ ਹੈ| ਨਸੇ ਦੀ ਵਧੇਰੇ ਮਾਤਰਾ ਲੈਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ| ਇਸ ਗ਼ੈਰ-ਕਾਨੂੰਨੀ ਕਾਰੋਬਾਰ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਦੀ ਪੁਸਤਪਨਾਹੀ ਦਿਖਾਈ ਦੇ ਰਹੀ ਹੈ| ਇਸ ਦੀ ਪੁਸ਼ਟੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੁਲਿਸ ਅਧਿਕਾਰੀਆਂ ਨੂੰ ਦਿਤੀ ਗਈ ਨਸੀਹਤ ਤੋਂ ਵੀ ਸਪੱਸ਼ਟ ਹੋ ਜਾਂਦੀ ਹੈ| ਉਨ੍ਹਾਂ ਕਿਹਾ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਵੀ ਕਈ ਵਾਰ ਇਸ ਸਬੰਧ ’ਚ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ, ਮੌਜੂਦਾ ਸਰਕਾਰ ਪਾਰਟੀ ਦੇ ਨੇਤਾਵਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਐਲਾਨਾ ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਚਾਰ ਮਹੀਨਿਆਂ ਅੰਦਰ ਪੰਜਾਬ ’ਚੋਂ ਨਸ਼ੇ ਨੂੰ ਖ਼ਤਮ ਕਰ ਦਿਤਾ ਜਾਵੇਗਾ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ|
ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਦਾ ਪਰਸਾਰ ਇਕ ਵਾਰ ਫਿਰ ਬੇਕਾਬੂ ਹੁੰਦਾ ਜਾ ਰਿਹਾ ਹੈ ਪੁਲਿਸ ਅਤੇ ਨਾਗਰਿਕ ਪ੍ਰਸਾਸਨ ਵੀ ਲਾਚਾਰ ਦਿਖਾਈ ਦੇ ਰਿਹਾ ਹੈ| ਸੂਬੇ ਦੀ ਸਰਕਾਰ ਨੂੰ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਤੋਂ ਵੀ ਸਹਿਯੋਗ ਅਤੇ ਮਦਦ ਲੈ ਕੇ ਨਸ਼ਾ ਤਸਕਰੀ ਨੂੰ ਤੁਰਤ ਬੰਦ ਕਰਨ ਲਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ| ਨਹੀਂ ਤਾਂ ਸੂਬੇ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ|