
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ।
ਚੰਡੀਗੜ੍ਹ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ। ਇਸ ਦੌਰਾਨ ਹਰਿਆਣਾ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਗੁੱਸੇ ਵਿਚ ਹਨ। ਉਹਨਾਂ ਕਿਹਾ ਕਿ ਸਿੱਖ ਬੇਅਦਬੀ ਦੇ ਦੋਸ਼ੀਆਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਕਰਨ ਲਈ ਤਿਆਰ ਨਹੀਂ ਹਨ, ਉਹ ਮੌਕੇ ’ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ।
Baljit Singh Daduwal
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਨੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਹੈ, ਇਸ ਤੋਂ ਬਾਅਦ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਵਿਚ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਿਛਲੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਸੀ ਅਤੇ ਉਹਨਾਂ ਦੀ ਜ਼ਮਾਨਤ ਕਰਵਾ ਲਈ ਜਾਂਦੀ ਸੀ ਜਾਂ ਕਈਆਂ ਨੂੰ ਮਾਨਸਿਕ ਤੌਰ ਤੇ ਬਿਮਾਰ ਕਹਿ ਕੇ ਛੱਡ ਦਿੱਤਾ ਗਿਆ।
Darbar Sahib
ਦਾਦੂਵਾਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਜਦੋਂ ਕਿਸੇ ਪਾਸੇ ਇਨਸਾਫ ਨਹੀਂ ਮਿਲਦਾ ਤਾਂ ਖ਼ਾਲਸਾਈ ਸਿਧਾਂਤਾ ਅਨੁਸਾਰ ਹੱਥ ਤਲਵਾਰ ’ਤੇ ਜਾਣਾ ਜਾਇਜ਼ ਹੈ। ਬੇਅਦਬੀ ਮਸਲੇ ਦੇ ਹੱਲ ਲਈ ਕਈ ਸਾਲਾਂ ਤੋਂ ਮੋਰਚੇ ਲੱਗਦੇ ਰਹੇ ਅਤੇ ਕਈ ਮੋਰਚੇ ਅਜੇ ਵੀ ਜਾਰੀ ਹਨ ਪਰ ਇਨਸਾਫ ਨਹੀਂ ਮਿਲਿਆ। ਸਿੱਖਾਂ ਦੇ ਮਨਾਂ ਵਿਚ ਗੁੱਸਾ ਸਾਫ ਝਲਕ ਰਿਹਾ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਤਾਇਨਾਤ ਪਰਿਰੇਦਾਰਾਂ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਦੀ ਵੀ ਡਿਊਟੀ ਬਣਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।