
ਬੇਅਦਬੀ ਦਾ ਮਸਲਾ ਉਦੋਂ ਤੱਕ ਹੱਲ ਨਹੀਂ ਹੋਣਾ, ਜਦੋਂ ਤੱਕ ਸਿੱਖ ਕੌਮ ਇਸ ਮਸਲੇ ਨੂੰ ਅਪਣੇ ਹੱਥਾਂ ’ਚ ਨਹੀਂ ਲੈਂਦੀ- ਕਰਨੈਲ ਸਿੰਘ ਪੀਰਮੁਹੰਮਦ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ। ਉਹਨਾਂ ਕਿਹਾ ਕਿ ਇਹ ਘਟਨਾ ਉਸੇ ਸਾਜ਼ਿਸ਼ ਦੇ ਹਿੱਸਾ ਹੈ, ਜਿਸ ਦੇ ਤਹਿਤ ਕੁਝ ਸਮਾਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਤਰ੍ਹਾਂ ਵੱਖ-ਵੱਖ ਹਿੱਸਿਆਂ ਵਿਚ ਇਸੇ ਸਾਜ਼ਿਸ਼ ਤਹਿਤ ਕਈ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
Karnail Singh Peer Mohammad
ਕਰਨੈਲ ਸਿੰਘ ਪੀਰਮੁਹੰਮਦ ਨੇ ਮੰਗ ਕੀਤੀ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਪੱਧਰ ’ਤੇ ਜਾਂਚ ਮੁਕੰਮਲ ਨਹੀਂ ਕਰ ਲੈਂਦੀ, ਉਦੋਂ ਤੱਕ ਮੁਲਜ਼ਮ ਨੂੰ ਪ੍ਰਸ਼ਾਸਨ ਹਵਾਲੇ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਅਕਸਰ ਮਾਨਸਿਕ ਤੌਰ ’ਤੇ ਬਿਮਾਰ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਦਾ ਉਦੋਂ ਤੱਕ ਹੱਲ਼ ਨਹੀਂ ਹੋਵੇਗਾ ਜਦੋਂ ਤੱਕ ਸਿੱਖ ਕੌਮ ਆਪ ਇਸ ਮਸਲੇ ਨੂੰ ਅਪਣੇ ਹੱਥਾਂ ਵਿਚ ਨਹੀਂ ਲੈਂਦੀ।
Darbar Sahib
ਉਹਨਾਂ ਕਿਹਾ ਕਿ ਦਰਬਾਰ ਸਾਹਿਬ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਪਵਿੱਤਰ ਅਸਥਾਨ ਹੈ, ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਹਨ ਅਤੇ ਇੱਥੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਇਸ ਦੇ ਬਾਵਜੂਦ ਕੋਈ ਵਿਅਕਤੀ ਅੰਦਰ ਦਾਖ਼ਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਦਰਬਾਰ ਸਾਹਿਬ ਵਿਚ ਪਾਠ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਸੁਰੱਖਿਆ ਬਹੁਤ ਜ਼ਰੂਰ ਹੈ। ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਨੂੰ ਸੁਚੇਤ ਰਹਿਣਾ ਪਵੇਗਾ, ਸਾਨੂੰ ਹਰ ਪਾਸੇ ਨਜ਼ਰ ਰੱਖਣੀ ਪਵੇਗੀ।