
ਪਿਛਲੇ ਕਈ ਦਿਨਾਂ ਤੋਂ ਸੂਬੇ ਵਿਚ ਵਾਲ ਕੱਟਣ ਦੀਆਂ ਵਾਪਰ ਰਹੀਆਂ ਘਟਨਾਵਾਂ ਦਾ ਸੇਕ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਪੁੱਜ ਗਿਆ ਹੈ।
ਸ੍ਰੀ ਅਨੰਦਪੁਰ ਸਾਹਿਬ, 25 ਅਗੱਸਤ (ਦਲਜੀਤ ਸਿੰਘ ਅਰੋੜਾ, ਸੁਖਵਿੰਦਰ ਪਾਲ ਸਿੰਘ): ਪਿਛਲੇ ਕਈ ਦਿਨਾਂ ਤੋਂ ਸੂਬੇ ਵਿਚ ਵਾਲ ਕੱਟਣ ਦੀਆਂ ਵਾਪਰ ਰਹੀਆਂ ਘਟਨਾਵਾਂ ਦਾ ਸੇਕ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਪੁੱਜ ਗਿਆ ਹੈ। ਸ਼ਹਿਰ ਦੇ ਘੁੱਗ ਵਸਦੇ ਮੁਹੱਲਾ ਕੁਰਾਲੀਵਾਲਾ ਵਿਖੇ ਅਪਣੇ ਪਰਵਾਰ ਸਮੇਤ ਰਹਿੰਦੇ 15 ਸਾਲਾ ਲੜਕੇ ਦਮਨਪ੍ਰੀਤ ਸਿੰਘ ਦੇ ਬੀਤੀ ਰਾਤ ਸਿਰ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਘਟਨਾ ਸਮੇਂ ਉਹ ਅਪਣੇ ਘਰ ਵਿਚ ਸੁੱਤਾ ਪਿਆ ਸੀ। ਮੌਕੇ 'ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨੂੰ ਦਮਨਪ੍ਰੀਤ ਸਿੰਘ ਨੇ ਦਸਿਆ ਕਿ ਰਾਤ ਲਗਭਗ 3 ਵਜੇ ਉਸ ਦੀ ਦਾਦੀ ਨੇ ਵੇਖਿਆ ਕਿ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਥੱਲੇ ਡਿੱਗੇ ਪਏ ਹਨ। ਉਨ੍ਹਾਂ ਦਸਿਆ ਕਿ ਸਾਡੇ ਘਰ ਵਿਚ ਕਦੇ ਵੀ ਕਿਸੇ ਨੇ ਵਾਲ ਨਹੀਂ ਕੱਟੇ ਪਰ ਇਸ ਘਟਨਾ ਨੇ ਸਾਰੇ ਪਰਵਾਰ ਨੂੰ ਹੈਰਾਨ ਕਰ ਕੇ ਰੱਖ ਦਿਤਾ। ਸਥਾਨਕ ਖ਼ਾਲਸਾ ਸਕੂਲ ਵਿਚ ਦਸਵੀਂ ਜਮਾਤ ਵਿਚ ਪੜ੍ਹਦੇ ਦਮਨਪ੍ਰੀਤ ਸਿੰਘ ਨੂੰ ਡਾਕਟਰ ਕੋਲ ਚੈੱਕ ਕਰਵਾਇਆ ਗਿਆ ਤੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿਤੀ ਗਈ। ਇਸ ਬਾਰੇ ਚੌਕੀ ਇੰਚਾਰਜ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਘਰ ਵਿਚ ਕੋਈ ਵੀ ਬਾਹਰਲਾ ਵਿਅਕਤੀ ਨਹੀਂ ਗਿਆ ਤੇ ਨਾਂ ਹੀ ਪਰਵਾਰ ਵਲੋਂ ਕਿਸੇ 'ਤੇ ਕੋਈ ਸ਼ੱਕ ਪ੍ਰਗਟਾਇਆ ਗਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।