
ਪ੍ਰਸਿਧ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸਿੱਖ ਪੰਥ .....
ਨਵੀਂ ਦਿੱਲੀ, 26 ਅਗੱਸਤ (ਅਮਨਦੀਪ ਸਿੰਘ): ਪ੍ਰਸਿਧ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸਿੱਖ ਪੰਥ ਪ੍ਰਤੀ ਮਰਹੂਮ ਡਾ. ਸੰਗਤ ਸਿੰਘ ਦੀਆਂ ਸੇਵਾਵਾਂ ਨੂੰ ਲਾਸਾਨੀ ਤੇ ਮਿਸਾਲੀ ਦਸਿਆ।
ਅੱਜ ਇਥੋਂ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼, ਪਾਰਟ-2 ਵਿਖੇ ਭਾਈ ਭੁਪਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਜੋੜਿਆ ਤੇ ਪਿਛੋਂ ਸੰਗਤੀ ਰੂਪ ਵਿਚ ਡਾ. ਸੰਗਤ ਸਿੰਘ ਦੀ ਰੂਹ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ ਗਈ। ਭਰਵੀਂ ਗਿਣਤੀ ਵਿਚ ਦੂਰੋਂ-ਨੇੜਿਉਂ ਸੰਗਤ ਪੁੱਜੀ ਹੋਈ ਸੀ।
ਇਸ ਮੌਕੇ ਡਾ. ਸੰਗਤ ਸਿੰਘ ਦੀ ਜੀਵਨ ਸਾਥਣ ਗੁਰਬਚਨ ਕੌਰ, ਧੀਆਂ ਹਰਬਿੰਦਰ ਕੌਰ-ਜਵਾਈ ਪ੍ਰੋ. ਭੁਪਿੰਦਰਪਾਲ ਸਿੰਘ ਬਖ਼ਸ਼ੀ, ਉਪਿੰਦਰ ਕੌਰ ਅਤੇ ਪੁੱਤਰ ਮਨਿੰਦਰ ਸਿੰਘ, ਸੀ.ਈ.ਓ. ਰੈਲੀਗੇਅਰ ਗਰੁਪ ਸਣੇ ਹੋਰ ਰਿਸ਼ਤੇਦਾਰ ਆਦਿ ਸ਼ਾਮਲ ਹੋਏ।
ਚੇਤੇ ਰਹੇ ਕਿ ਡਾ. ਸੰਗਤ ਸਿੰਘ ਖ਼ੁਦ ਗੁਰਬਾਣੀ ਦੇ ਵੱਖ-ਵੱਖ 11 ਸ਼ਬਦਾਂ ਦੀ ਚੋਣ ਕਰ ਕੇ, ਅਪਣੇ ਪਰਵਾਰ ਨੂੰ ਦੇ ਗਏ ਸਨ ਕਿ ਉਨ੍ਹਾਂ ਦੀ ਅੰਤਮ ਅਰਦਾਸ ਮੌਕੇ ਇਨ੍ਹਾਂ ਸ਼ਬਦਾਂ ਦਾ ਗਾਇਨ ਚੋਣਵੇਂ ਰਾਗੀ ਭਾਈ ਭੁਪਿੰਦਰ ਸਿੰਘ ਪਾਸੋਂ ਹੀ ਕਰਵਾਇਆ ਜਾਵੇ। ਉਸ ਮੁਤਾਬਕ ਹੀ ਅੱਜ ਗੁਰਬਾਣੀ ਸ਼ਬਦਾਂ ਦਾ ਵੀ ਗਾਇਨ ਕੀਤਾ ਗਿਆ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਡਾ. ਸੰਗਤ ਸਿੰਘ ਦੀਆਂ ਪੰਥਕ ਸੇਵਾਵਾਂ ਦੇ ਸਨਮੁਖ ਉਨ੍ਹਾਂ ਦੇ ਪੁੱਤਰ ਮਨਿੰਦਰ ਸਿੰਘ ਨੂੰ ਦਸਤਾਰ ਬਖ਼ਸ਼ਿਸ਼ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪੰਜਾਬੀ ਅਕਾਦਮੀ ਦਿੱਲੀ ਅਤੇ ਕਈ ਹੋਰ ਜਥੇਬੰਦੀਆਂ ਵਲੋਂ ਸ਼ੋਕ ਸੁਨੇਹੇ ਭੇਜ ਕੇ ਜਿਥੇ ਪਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਗਈ, ਉਥੇ ਡਾ. ਸੰਗਤ ਸਿੰਘ ਦੀਆਂ ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਇਤਿਹਾਸਕ ਦਸਿਆ ਗਿਆ। ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਡਾ. ਸੰਗਤ ਸਿੰਘ ਦੀਆਂ ਸੇਵਾਵਾਂ ਨੂੰ ਅਭੁੱਲ ਦਸਿਆ ਤੇ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਪਿਛੋਂ ਨਿਰਪੱਖ ਇਤਿਹਾਸ ਲਿਖਣ ਵਾਲੀਆਂ ਸ਼ਖ਼ਸੀਅਤਾਂ ਦੀ ਘਾਟ ਰੜਕੇਗੀ।
ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕਿਹਾ ਕਿ ਡਾ. ਸੰਗਤ ਸਿੰਘ ਸਿੱਖ ਇਤਿਹਾਸ ਦੇ ਕੌੜੇ-ਮਿੱਠੇ ਤਜ਼ਰਬੇ ਸਾਨੂੰ ਕਿਤਾਬ ਦੇ ਰੂਪ ਵਿਚ ਦੇ ਗਏ ਹਨ, ਜੋ ਸੇਧ ਬਖ਼ਸ਼ਦੇ ਰਹਿਣਗੇ। ਸਾਬਕਾ 'ਆਪ' ਵਿਧਾਇਕ ਪੱਤਰਕਾਰ ਜਰਨੈਲ ਸਿੰਘ ਨੇ ਡਾ. ਸੰਗਤ ਸਿੰਘ ਨਾਲ ਅਪਣੀ ਤਕਰੀਬਨ ਇਕ ਦਹਾਕੇ ਪੁਰਾਣੀ ਮੁੱਢਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਪੁਰਾਤਨ ਇਤਿਹਾਸ ਦੇ ਨਾਲ ਮੌਜੂਦਾ ਦੌਰ ਵਿਚ ਸਿੱਖਾਂ ਨਾਲ ਹੋਈਆਂ ਇਤਿਹਾਸਕ ਵਧੀਕੀਆਂ ਨੂੰ ਵੀ ਪੰਥ ਸਨਮੁਖ ਪੇਸ਼ ਕਰ ਕੇ ਮਿਸਾਲੀ ਕਾਰਜ ਕੀਤਾ ਹੈ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਡਾ. ਸੰਗਤ ਸਿੰਘ ਵਲੋਂ ਪਿਛਲੇ ਦਿਨੀਂ ਚੀਫ਼ ਜਸਟਿਸ ਜੇ.ਐਸ. ਖੇਹਰ ਨੂੰ ਲਿਖੀ 34 ਪੰਨਿਆਂ ਦੀ ਚਿੱਠੀ, ਜਿਸ ਵਿਚ ਡਾ. ਸੰਗਤ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਿਛੋਂ ਨਵੰਬਰ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਦਾ ਜ਼ਿਕਰ ਕੀਤਾ ਹੈ, ਨੂੰ ਇਕ ਅਹਿਮ ਦਸਤਾਵੇਜ਼ ਦਸਿਆ। ਇਸ ਤੋਂ ਇਲਾਵਾ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਤਰਿੰਦਰ ਸਿੰਘ ਨੇ ਵੀ ਡਾ. ਸੰਗਤ ਸਿੰਘ ਦੀ ਕਿਤਾਬ 'ਇਤਿਹਾਸ 'ਚ ਸਿੱਖ' ਰਾਹੀਂ ਉਨ੍ਹਾਂ ਦੀ ਘਾਲਣਾ ਨੂੰ ਸਾਹਮਣੇ ਲਿਆਉਂਦਾ ਤੇ ਖਜਿੰਦਰ ਸਿੰਘ ਖੁਰਾਣਾ ਨੇ ਵੀ ਡਾ. ਸੰਗਤ ਸਿੰਘ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ।
ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ, ਭਾਈ ਵੀਰ ਸਿੰਘ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ, ਆਲ ਇੰਡੀਆ ਰੇਡੀਉ ਦੇ ਸਾਬਕਾ ਸੀਨੀਅਰ ਅਫ਼ਸਰ ਮਨੋਹਰ ਸਿੰਘ ਬਤਰਾ, 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਅੰਬਰਸਰੀਆਂ ਤੇ ਧਰਮ ਸਿੰਘ, ਗੁਰਮਤਿ ਮਿਸ਼ਨਰੀ ਕਾਲਜ ਦੇ ਨੁਮਾਇੰਦੇ ਜਸਪਾਲ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਭੁਪਿੰਦਰ ਸਿੰਘ ਸੱਭਰਵਾਲ ਆਦਿ ਸ਼ਾਮਲ ਹੋਏ।