
ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕੀਤੀ ਹੈ ਕਿ ਸੌਦਾ ਸਾਧ ......
ਅੰਮ੍ਰਿਤਸਰ, 25 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਆਗੂ ਮਨਜੀਤ ਸਿੰਘ ਕਲਕੱਤਾ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕੀਤੀ ਹੈ ਕਿ ਸੌਦਾ ਸਾਧ ਨੂੰ ਪਹਿਲਾਂ ਤੋਂ ਹੀ ਫ਼ੜਨ ਦੀ ਥਾਂ ਹੀਰੋ ਬਣਾਉਣ ਕਰ ਕੇ ਇਹ ਸੱਭ ਕੁੱਝ ਹੋਇਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਧਾਰਾ 144 ਲਾਉਣ ਦਾ ਕੀ ਫ਼ਾਇਦਾ ਜੇ ਉਸ ਦੇ ਸ਼ਰਧਾਲੂਆਂ ਨੂੰ ਦਬੋਚਣਾ ਹੀ ਨਹੀਂ ਜੋ ਸਰੇਆਮ ਕਾਨੂੰਨ ਦੀਆਂ ਧਜੀਆਂ ਉਡਾਉਣ ਦੇ ਨਾਲ-ਨਾਲ ਖ਼ਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਸੜਕਾਂ ਚਿੱਟੇ ਦਿਨ ਪੰਚਕੂਲੇ ਪੁੱਜੇ। ਸ. ਕਲਕੱਤਾ ਨੇ ਧਾਰਾ 144 ਦੀ ਵਿਆਖਿਆ ਕਰਦਿਆਂ ਕਿਹਾ ਕਿ ਧਰਮ ਯੁੱਧ ਮੋਰਚੇ ਦੌਰਾਨ ਪੁਲਿਸ ਉਨ੍ਹਾਂ ਨੂੰ ਫੜ ਕੇ ਲੈ ਗਈ ਸੀ। ਉਸ ਸਮੇਂ ਵੀ ਧਾਰਾ 144 ਲਗੀ ਸੀ ਜਿਸ ਦਾ ਭਾਵ ਸੀ ਕਿ ਪੰਜ ਬੰਦੇ ਇਕੱਠੇ ਹੋਣ ਤੇ ਪੁਲਿਸ ਗ੍ਰਿਫ਼ਤਾਰ ਕਰਨ ਦਾ ਹੱਕ ਰਖਦੀ ਹੈ ਪਰ ਹੁਣ ਸਰਕਾਰਾਂ ਦੇ ਪੱਲੇ ਹੀ ਕੁੱਝ ਨਹੀਂ, ਨਾ ਕੋਈ ਕਾਨੂੰਨ ਹੈ ਤੇ ਨਾ ਹੀ ਨਿਯਮ ਹਨ। ਸ. ਕਲਕੱਤਾ ਨੇ ਦੋਸ਼ ਲਾਇਆ ਕਿ ਬਲਾਤਕਾਰਾਂ ਦੇ ਦੋਸ਼ੀ ਉਕਤ ਸਾਧ ਨੇ ਇਕ ਪੱਤਰਕਾਰ ਅਤੇ ਸਕੇ ਭਰਾ ਦਾ ਕਤਲ ਕੀਤਾ ਹੈ। ਬਾਬੇ ਵਿਰੁਧ ਮੁਕੱਦਮੇ ਚਲ ਰਹੇ ਹਨ ਪਰ ਉਸ 'ਤੇ ਸਰਕਾਰਾਂ ਮੇਹਰਬਾਨ ਹਨ ਜਿਨ੍ਹਾਂ ਬਾਬੇ ਦੇ ਹਮਾਇਤੀਆਂ ਨੂੰ ਪੱਥਰ, ਅਸਲਾ, ਹਥਿਆਰ ਤੇ ਪਟਰੌਲ ਜਮ੍ਹਾਂ ਕਰਨ ਦੀ ਖੁਲ੍ਹੀ ਛੁੱਟੀ ਦਿਤੀ ਜਿਸ ਦੇ ਖ਼ਤਰਨਾਕ ਨਤੀਜੇ ਸਾਹਮਣੇ ਆ ਗਏ ਹਨ।