
ਬਾਬੇ ਨਾਨਕ ਦੇ ਗੁਰਪੁਰਬ ਸਬੰਧੀ ਚੀਫ਼ ਖ਼ਾਲਸਾ ਦੀਵਾਨ ਨੇ ਕੀਤੀ ਅਹਿਮ ਬੈਠਕ
ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਭਾਗ ਸਿੰਘ ਅਣਖੀ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਬਾਬੇ ਨਾਨਕ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਵਿਸਥਾਰ ਸਹਿਤ ਵਿਚਾਰ ਚਰਚਾ ਹੋਈ। ਸਰਬਸਮੰਤੀ ਨਾਲ ਇਹ ਪ੍ਰਵਾਨ ਕੀਤਾ ਗਿਆ ਕਿ ਗੁਰੂ ਨਾਨਕ ਦੀਆਂ ਸਿਖਿਆਵਾਂ, ਪ੍ਰੰਪਰਾਵਾਂ ਅਤੇ ਇਤਿਹਾਸਕ ਪਹਿਲੂਆਂ ਬਾਰੇ ਖੋਜ ਪੱਤਰ ਪ੍ਰਸਿੱਧ ਵਿਦਵਾਨਾਂ ਤੋਂ ਸੈਮੀਨਾਰਾਂ ਦੇ ਰੂਪ ਵਿਚ ਤਿਆਰ ਕੀਤੇ ਜਾਣ।
ਵਿਦਿਆਰਥੀਆਂ ਅੰਦਰ ਗੁਰਮਤਿ ਰਹਿਤ-ਮਰਿਆਦਾ, ਸਿੱਖੀ ਪ੍ਰੰਪਰਾਵਾ ਦੀ ਜਾਣਕਾਰੀ ਹਿਤ ਸਕੂਲ ਅਤੇ ਕਾਲਜ ਲੇਵਲ ਦੇ ਵੱਖ-ਵੱਖ ਪੱਧਰ ਤੇ ਲੇਖ, ਖੋਜ, ਗੁਰਬਾਣੀ ਦੇ ਮੁਕਾਬਲੇ ਕਰਵਾਏ ਜਾਣ, ਜਿਸ ਵਿਚ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸਨਮਾਨ ਅਤੇ ਇਨਾਮ ਦਿਤੇ ਜਾਣ। ਪਹਿਲਾ ਸੈਮੀਨਾਰ ਚੀਫ਼ ਖ਼ਾਲਸਾ ਦੀਵਾਨ ਦੇ ਦਸ਼ਮੇਸ਼ ਆਡੀਟੋਰੀਅਮ ਵਿਚ 23 ਮਾਰਚ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਸ੍ਰੀ ਗੁਰੂ ਨਾਨਕ ਸਟਡੀਸਜ਼ ਬਲਵੰਤ ਸਿੰਘ ਢਿੱਲੋ ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਦ-ਪਦਵੀ ਅਤੇ ਦੈਵੀ ਅਨੁਭਵ ਤੇ ਪੇਪਰ ਪੜ੍ਹਨਗੇ, ਜਿਸ ਦੀ ਪ੍ਰਧਾਨਗੀ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਦਿੱਲੀ ਕਰਨਗੇ।
ਭਾਗ ਸਿੰਘ ਅਣਖੀ ਨੇ ਦਸਿਆ ਕਿ ਇਨ੍ਹਾਂ ਸੈਮੀਨਾਰਾਂ ਦੀ ਲੜੀ ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੁੰਬਈ ਅਤੇ ਦਿੱਲੀ ਵਿਖੇ ਚਲਾਈ ਜਾਵੇਗੀ। ਇਸ ਇਕੱਤਰਤਾ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰ ਪ੍ਰਧਾਨ ਨਿਰਮਲ ਸਿੰਘ, ਡਾ: ਇੰਦਰਬੀਰ ਸਿੰਘ ਨਿੱਝਰ, ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸੁਖਦੇਵ ਸਿੰਘ ਮੱਤੇਵਾਲ ਅਤੇ ਅਵਤਾਰ ਸਿੰਘ, ਪ੍ਰੋ: ਵਰਿਆਮ ਸਿੰਘ, ਪ੍ਰੋ: ਹਰੀ ਸਿੰਘ ਆਦਿ ਮੌਜੂਦ ਸਨ।