
ਰਾਮਗੜ੍ਹੀਆ ਲਫ਼ਜ਼ ਕਿਸੇ ਜਾਤ-ਪਾਤ ਨਾਲ ਸਬੰਧਤ ਨਾ ਹੋ ਸਗੋਂ ਇਕ ਮਿਸਲ ਦਾ ਨਾਂ ਸੀ ਪਰ ਬ੍ਰਾਹਮਣਵਾਦੀ ਸਿਸਟਮ ਨੇ ਮਿਸਲਾਂ ਦੇ ਨਾਂ ਨੂੰ ਬਿਰਾਦਰੀਆਂ ਵਜੋਂ ਪ੍ਰਚਾਰ ਦਿਤਾ
ਨਵੀਂ ਦਿੱਲੀ, 18 ਅਪ੍ਰੈਲ (ਸੁਖਰਾਜ ਸਿੰਘ): ਰਾਮਗੜ੍ਹੀਆ ਬੋਰਡ ਦਿੱਲੀ ਦੇ ਸਕੱਤਰ ਜਨਰਲ ਹਰਦਿਤ ਸਿੰਘ ਗੋਬਿੰਦਪੁਰੀ ਅਤੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਦੇ ਉਸ ਬਿਆਨ ਨੂੰ ਗ਼ਲਤ ਦਸਿਆ ਜਿਸ ਵਿਚ ਸਰਨਾ ਵਲੋਂ ਕਿਹਾ ਗਿਆ ਹੈ ਕਿ ਰਾਮਗੜ੍ਹੀਆਂ ਨੂੰ ਜਾਤ ਬਿਰਾਦਰੀ 'ਚ ਫਸਾ ਕੇ ਸਿੱਖ ਕੌਮ ਤੋਂ ਵਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਾਗੀ ਤੇ ਗੋਬਿੰਦਪੁਰੀ ਨੇ ਕਿਹਾ ਕਿ ਦੋਸ਼ ਲਗਾਉਣ ਵਾਲਿਆਂ ਨੂੰ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿਉਂਕਿ ਰਾਮਗੜ੍ਹੀਆ ਲਫ਼ਜ਼ ਕਿਸੇ ਜਾਤ-ਪਾਤ ਨਾਲ ਸਬੰਧਤ ਨਾ ਹੋ ਕੇ ਸਗੋਂ ਇਕ ਮਿਸਲ ਜਾਂ ਜਥੇਬੰਦੀ ਦਾ ਨਾਂ ਸੀ ਪਰ ਬ੍ਰਾਹਮਣਵਾਦੀ ਸਿਸਟਮ ਨੇ ਮਿਸਲਾਂ ਦੇ ਨਾਂ ਨੂੰ ਬਿਰਾਦਰੀਆਂ ਵਜੋਂ ਪ੍ਰਚਾਰ ਦਿਤਾ।
Gobindpuri
ਆਗੂਆਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਨੇ 'ਰਾਮ ਰਾਉਣੀ' ਦੇ ਕਿਲ੍ਹੇ ਨੂੰ ਨਵੇਂ ਸਿਰਿਓਂ ਬਣਾ ਕੇ ਇਸ ਦਾ ਨਾਂ 'ਰਾਮਗੜ੍ਹ' ਰੱਖ ਦਿਤਾ। ਇਸ ਕਰ ਕੇ ਸਿੱਖ ਉਸ ਨੂੰ ਜੱਸਾ ਸਿੰਘ ਰਾਮਗੜ੍ਹੀਆ ਆਖਣ ਲੱਗ ਪਏ। ਉਨ੍ਹਾਂ ਸਰਨਾ ਨੇ ਇਸ ਬਿਆਨ ਨੂੰ ਉਨ੍ਹਾਂ ਦੀ ਬੁਖਲਾਹਟ ਦਸਿਆ ਕਿਉਂਕਿ ਪਿਛਲੇ ਦਿਨੀਂ ਰਾਮਗੜ੍ਹੀਆ ਕੋਆਪਰੇਟਿਵ ਬੈਂਕ ਦੀ ਚੋਣ ਵਿਚ ਸਰਨਾ ਦੇ ਲੁਕੇ ਹੋਏ ਸਮਰਥਨ ਨਾਲ ਚੋਣ ਲੜ ਰਿਹਾ ਧੜਾ ਬੁਰੀ ਤਰ੍ਹਾਂ ਹਾਰ ਗਿਆ ਸੀ।