
ਹੁਣ ਪੱਖ ਰੱਖਣ ਲਈ ਪੰਥਕ ਇਕੱਠ ਕਰਨਗੇ ਤਨਖ਼ਾਹੀਏ
ਚੰਡੀਗੜ੍ਹ, 18 ਅਕਤੂਬਰ (ਸੁਰਜੀਤ ਸਿੰਘ ਸੱਤੀ): ਗੁਰਦੁਆਰਾ ਸਿੰਘ ਸਭਾ ਦਸੂਹਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਉਕਤ ਗੁਰਦੁਆਰੇ ’ਤੇ ਅਕਾਲੀ ਦਲ ਦੇ ਆਗੂਆਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਬਜ਼ਾ ਨਾ ਦੇਣ ’ਤੇ ਅਕਾਲੀ ਦਲ ਦੇ ਦਬਾਅ ਹੇਠ ‘ਜਥੇਦਾਰਾਂ’ ਨੇ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ।
ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ’ਤੇ ਲਿਖਤੀ ਬੇਨਤੀ ਕਰ ਕੇ ਅਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਤਾਂ ਹੁਣ ਦਸੂਹਾ ਵਿਖੇ ਪੰਥਕ ਇਕੱਠ ਕਰ ਕੇ ਅਪਣਾ ਪੱਖ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਵਲੋਂ ਹੋਰ ਅਜਿਹੇ ਗੁਰਦੁਆਰਿਆਂ ’ਤੇ ਕਥਿਤ ਤੌਰ ਉਤੇ ਕਬਜ਼ਾ ਹੋਣ ਤੋਂ ਬਚਾਏ ਜਾ ਸਕਣ, ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਅਧੀਨ ਨਹੀਂ ਆਉਂਦੇ। ਦਸੂਹਾ ਕਮੇਟੀ ਦੇ ਅਹੁਦੇਦਾਰਾਂ ਨੇ ਦਸਿਆ ਕਿ ਕਮੇਟੀ ’ਤੇ ਦੋਸ਼ ਲਗਾਇਆ ਗਿਆ ਸੀ ਕਿ ਕਮੇਟੀ ਵਿਚ ਦਾੜ੍ਹੀ ਕੱਟਣ ਵਾਲੇ ਬੇ ਅੰਮ੍ਰਿਤਧਾਰੀ ਵਿਅਕਤੀ ਵੀ ਹਨ ਪਰ ਹੁਣ ਉਸ ਨੂੰ ਅੰਮ੍ਰਿਤ ਛਕਾ ਦਿਤਾ ਗਿਆ ਹੈ ਪਰ ਜਿਹੜੇ ਅਕਾਲੀ ਆਗੂ ਗੁਰਦੁਆਰੇ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਉਹ ਗੁਰਦੁਆਰਾ ਕਮੇਟੀ ਦੇ ਮੈਂਬਰ ਹੀ ਨਹੀਂ ਹਨ। ਪ੍ਰੈਸ ਕਾਨਫ਼ਰੰਸ ਵਿਚ ਜਗਮੋਹਨ ਸਿੰਘ, ਕਮਲਪ੍ਰੀਤ ਸਿੰਘ, ਤਰਸੇਮ ਸਿੰਘ ਖ਼ਾਲਸਾ, ਪ੍ਰਭਜੋਤ ਸਿੰਘ, ਤਰਨਜੀਤ ਸਿੰਘ ਭਾਟੀਆ, ਤਜਿੰਦਰ ਸਿੰਘ ਮਰਵਾਹੀ, ਗੋਪਾਲ ਸਿੰਘ ਸਿੱਧੂ, ਜੋਗਿੰਦਰ ਸਿੰਘ ਭਾਟੀਆ ਤੋ ਐਡਵੋਕੇਟ ਸਿਮਰਨਜੀਤ ਸਿੰਘ ਵੀ ਹਾਜ਼ਰ ਰਹੇ।