
ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਪ੍ਰਗਟਾਈ।
ਅੰਮ੍ਰਿਤਸਰ: ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਪ੍ਰਗਟਾਈ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਅਤੇ ਭਾਈਚਾਰਕ ਵੰਡੀਆਂ ਤੇ ਨਫ਼ਰਤ ਫੈਲਾਉਣ ਵਾਲਿਆਂ ਦੀ ਹਾਰ ਹੋਈ ਹੈ। ਜਥੇਦਾਰ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ।
Giani Harpreet Singh
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਈ ਅਜਿਹੀਆਂ ਧਿਰਾਂ ਵੀ ਸਨ ਜੋ ਸਿੱਖ ਸੋਚ, ਸਿੱਖ ਨਿਸ਼ਾਨ, ਸਿੱਖ ਫਲਸਫੇ ਅਤੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੀਆਂ ਸਨ। ਉਹਨਾਂ ਕਿਹਾ ਕਿ ਕੁਝ ਧਿਰਾਂ ਅਜਿਹੀਆਂ ਵੀ ਸਨ ਜੋ ਇਸ ਅੰਦੋਲਨ ਨੂੰ ਸਿੱਖ ਬਨਾਮ ਭਾਰਤ ਸਰਕਾਰ ਬਣਾਉਣ ਦਾ ਯਤਨ ਕਰ ਰਹੀਆਂ ਸੀ। ਇਸ ਤੋਂ ਇਲਾਵਾ ਅੰਦੋਲਨ ਨੂੰ ਸਿੱਖ ਬਨਾਮ ਹਿੰਦੂ ਬਣਾਉਣ ਦਾ ਵੀ ਕੋਝਾ ਯਤਨ ਕੀਤਾ ਜਾ ਰਿਹਾ ਸੀ, ਜਿਸ ਦੇ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਵਿਚ ਝੱਲਣੇ ਪੈਣੇ ਸੀ।
PM Modi
ਇਸ ਫੈਸਲੇ ਨਾਲ ਸਾਡੀ ਬਹੁਤ ਵੱਡੀ ਚਿੰਤਾ ਟਲੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਫੈਸਲੇ ਲਈ ਭਾਰਤ ਸਰਕਾਰ, ਪ੍ਰਧਾਨ ਮੰਤਰੀ ਅਤੇ ਕੇਂਦਰੀ ਕੈਬਨਿਟ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਹਿੰਦੂਆਂ ਅਤੇ ਸਿੱਖਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਸੀ ਅਤੇ ਮਜ਼ਬੂਤ ਹੈ ਅਤੇ ਇਸ ਨੂੰ ਅੱਗੇ ਵੀ ਮਜ਼ਬੂਤ ਰੱਖਣ ਲਈ ਅਸੀਂ ਯਤਨਸ਼ੀਲ ਰਹਾਂਗੇ।
Akal Takht Jathedar Giani Harpreet Singh
ਕਿਸਾਨ ਅੰਦੋਲਨ ਦੌਰਾਨ ਕੁਝ ਸ਼ਰਾਰਤੀ ਧਿਰਾਂ ਵਲੋਂ ਭਾਈਚਾਰਕ ਵੰਡੀਆਂ ਪਾਉਣ ਦੇ ਵੀ ਯਤਨ ਕੀਤੇ ਗਏ। ਕੁਝ ਧਿਰਾਂ ਅੰਦੋਲਨ ਦੀ ਆੜ ਵਿਚ ਅਪਣੇ ਰਾਜਸੀ ਧਰਾਤਲ ਨੂੰ ਮਜਬੂਤ ਕਰਨ ਦਾ ਯਤਨ ਕਰ ਰਹੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਦੋਲਨ ਦੌਰਾਨ ਕਈ ਜਾਨਾਂ ਵੀ ਗਈਆਂ, ਜਿਸ ਦਾ ਅਫਸੋਸ ਸਾਨੂੰ ਹਮੇਸ਼ਾਂ ਰਹੇਗਾ।
Farmers Protest
ਉਹਨਾਂ ਕਿਹਾ ਕਿ ਸਿੱਖਾਂ ਨੇ ਇਸ ਅੰਦੋਲਨ ਵਿਚ ਪੂਰੀ ਤਨਦੇਹੀ ਨਾਲ ਅਪਣਾ ਯੋਗਦਾਨ ਪਾਇਆ ਹੈ। ਚਾਹੇ ਉਹ ਕਿਸੇ ਵੀ ਰੂਪ ਵਿਚ ਹੋਵੇ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਅੱਜ ਪ੍ਰਕਾਸ਼ ਪੁਰਬ ਦਾ ਦਿਨ ਚੁਣਿਆ। ਭਾਰਤ ਸਰਕਾਰ ਵੀ ਸਮਝਦੀ ਹੈ ਕਿ ਸਿੱਖ ਇਹਨਾਂ ਤੋਂ ਨਿਰਾਸ਼ ਹਨ।