
Jathedar Giani Harpreet Singh News: ਫ਼ੈਸਲਾ ਪਹਿਲਾਂ ਹੀ ਹੋ ਚੁੱਕਿਆ, ਹੁਣ ਕਾਪੀ ਪੇਸਟ ਕਰਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮਰਾਲਾ ਦੇ ਕਟਾਣਾ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਐਡਵੋਕੇਟ ਧਾਮੀ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ, ਜੋ ਅੰਮ੍ਰਿਤਸਰ ਤੋਂ ਬਾਹਰ ਰੱਖੀ ਗਈ ਹੈ।
ਬੈਠਕ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਧੜੇ ਨੇ ਇਲਜ਼ਾਮ ਲਗਾਏ, ਉਹੀ ਪੜਤਾਲ ਕਰ ਰਹੇ ਹਨ। ਇਹ ਫੈਸਲਾ ਪਹਿਲਾਂ ਹੀ ਹੋ ਗਿਆ ਹੈ, ਸਿਰਫ਼ ਕਾਪੀ ਪੇਸਟ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਜਥੇਦਾਰ ਨਹੀਂ ਜਿਸ ਨੂੰ ਜ਼ਲੀਲ ਕਰਕੇ ਬਾਹਰ ਕੱਢਿਆ ਜਾ ਰਿਹਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਅਤੇ ਪੰਥ ਦੇ ਲਈ ਹਮੇਸ਼ਾ ਖੜੇ ਰਹਿਣਗੇ, ਪੰਥ ਦੇ ਲਈ ਲੜਨਗੇ ਅਤੇ ਜੇ ਲੋੜ ਪਈ ਤਾਂ ਇਸ ਰਾਹ 'ਤੇ ਸ਼ਹੀਦੀ ਵੀ ਦੇਣਗੇ। ਉਨ੍ਹਾਂ ਕਿਹਾ ਕਿ "ਮੈਂ ਕਿਸੇ ਤੋਂ ਕੁਝ ਨਹੀਂ ਲੈਣਾ, ਮੇਰੀ ਸੰਗਤ ਨਾਲ ਸਾਂਝ ਰਵੇ ਅਤੇ ਮੇਰੀ ਪੰਥ ਨਾਲ ਸਾਂਝ ਰਹੇ। ਮੈਂ ਇਸ ਪਦਵੀ 'ਤੇ ਰਹਾਂ ਜਾਂ ਨਾ ਰਹਾਂ, ਮੇਰੀ ਪੰਥ ਨਾਲ ਸਾਂਝ ਕਦੇ ਨਹੀਂ ਟੁੱਟਣੀ ਚਾਹੀਦੀ।
ਸ਼੍ਰੋਮਣੀ ਕਮੇਟੀ ਨੇ ਇਸ ਮੀਟਿੰਗ ਸਬੰਧੀ ਪਹਿਲਾਂ ਏਜੰਡਾ ਸਪੱਸ਼ਟ ਨਹੀਂ ਕੀਤਾ ਸੀ। ਮੀਟਿੰਗ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੋ ਹਫ਼ਤਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਦੌਰਾਨ ਕੇਵਲ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਹੀ ਜਥੇਦਾਰ ਦੀ ਸੇਵਾ ਨਿਭਾਉਣਗੇ।