
ਸਨਾਤਨ ਪੁਜਾਰੀਵਾਦ ਵਲੋਂ ਸ਼ੂਦਰਾਂ ਦੇ ਨਾਮ ਜਪਣ ਅਤੇ ਭਗਤੀ ਕਰਨ 'ਤੇ ਵੀ ਸਖ਼ਤ ਪਾਬੰਦੀ ਲਗਾ ਦਿਤੀ......
ਸ੍ਰੀ ਅਨੰਦਪੁਰ ਸਾਹਿਬ : ਸਨਾਤਨ ਪੁਜਾਰੀਵਾਦ ਵਲੋਂ ਸ਼ੂਦਰਾਂ ਦੇ ਨਾਮ ਜਪਣ ਅਤੇ ਭਗਤੀ ਕਰਨ 'ਤੇ ਵੀ ਸਖ਼ਤ ਪਾਬੰਦੀ ਲਗਾ ਦਿਤੀ ਅਤੇ ਇਹ ਕਾਨੂੰਨ ਲਾਗੂ ਕੀਤਾ ਕਿ ਸੂਦਰਾਂ ਵਿਚ 'ਭਗਤ' ਪੈਦਾ ਨਹੀਂ ਹੋ ਸਕਦਾ। ਸਮੇਂ ਦੇ ਅਵਤਾਰਾਂ ਨੇ ਸ਼ੂਦਰਾਂ ਵਿੱਚੋਂ ਪੈਦਾ ਹੋਏ 'ਸ਼ੰਭੂਕ ਅਤੇ ਮਤੰਗਾ' ਵਰਗੇ ਮਹਾਂਪੁਰਸ਼ਾਂ ਨੂੰ ਸਖ਼ਤ ਤਸੀਹੇ ਦੇ ਕੇ ਕਤਲ ਕੀਤਾ ਗਿਆ। ਮਨੂੰ ਸਿਮਰਤੀ ਵਰਗੇ ਅਨੇਕਾਂ ਬ੍ਰਾਹਮਣੀ ਗ੍ਰੰਥ ਇਸ ਤਰ੍ਹਾਂ ਦੇ ਸਲੋਕਾਂ ਨਾਲ ਭਰੇ ਪਏ ਹਨ। ਪਰ ਗੁਰੂ ਅਰਜਨ ਦੇਵ ਜੀ ਨੇ 'ਬਾਬਾ ਰਵੀਦਾਸ ਜੀ' ਦੇ ''ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ” ਵਰਗੇ ਬਚਨ ''ਸ੍ਰੀ ਗੁਰੂ ਗ੍ਰੰਥ ਸਾਹਿਬ” ਵਿਚ ਦਰਜ ਕੀਤੇ
ਅਤੇ ਬ੍ਰਹਮਣਵਾਦੀ ਇਸ ਕਾਨੂੰਨ ਨੂੰ ਰੱਦ ਕਰਨ ਲਈ ਹੀ ਭਗਤ ਸਾਹਿਬਾਨ ਅਤੇ ਖ਼ਾਸ ਕਰ ਕੇ 'ਬਾਬਾ ਰਵੀਦਾਸ ਜੀ' ਦੇ ਨਾਮ ਨਾਲ 'ਭਗਤ' ਸ਼ਬਦ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕਿ ਕਈ ਵੀਰ ਭਗਤ ਰਵੀਦਾਸ ਨੂੰ ਗੁਰੂ, ਸ੍ਰੀ ਗੁਰੂ ਜਾਂ ਸਤਿਗੁਰੂ ਆਦਿ ਲਫ਼ਜ਼ਾਂ ਨਾਮ ਸੰਬੋਧਨ ਕਰਦੇ ਹਨ,
ਅਜਿਹੇ ਸ਼ਬਦਾਂ ਦੀ ਵਰਤੋਂ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਖ ਧਰਮ ਵਿਚ 'ਦੇਹ' ਨੂੰ ਨਹੀਂ ਬਲਕਿ ਸ਼ਬਦ ਨੂੰ ਹੀ 'ਗੁਰੂ' ਮੰਨਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਰ ਮਹਾਂਪੁਰਸ਼ ਦੀ ਬਾਣੀ ਹਰ ਸਿੱਖ ਲਈ 'ਗੁਰੂ' ਦਾ ਦਰਜਾ ਰਖਦੀ ਹੈ। ਸਾਨੂੰ ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਗੁਰੂ ਸਾਹਿਬਾਨ ਨੇ ਬ੍ਰਹਾਮਣ, ਖੱਤਰੀ, ਰਾਜਪੂਤ ਜਾਂ ਸ਼ੂਦਰ ਆਦਿ ਸਾਰੇ ਮਹਾਪੁਰਸ਼ਾਂ ਨੂੰ 'ਭਗਤ' ਹੀ ਲਿਖਿਆ ਹੈ।