
ਡੇਰਾ ਬਾਬਾ ਨਾਨਕ ਗੁਰਦਵਾਰਾ ਸਾਹਿਬ ਦੀ ਇਮਾਰਤ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਾਂਚ ਲਈ ਲਿਖਿਆ ਪੱਤਰ
ਡੇਰਾ ਬਾਬਾ ਨਾਨਕ ਗੁਰਦੁਆਰਾ ਦਰਬਾਰ ਸਾਹਿਬ ਇਮਾਰਤ ਦੀ ਜਾਂਚ ਬਾਬਤ ਸੰਗਤ ਲਾਂਘਾ ਕਰਤਾਰਪੁਰ ਸਾਹਿਬ ਦੇ ਮੁੱਖ ਸੇਵਾਦਾਰ ਬੀ.ਐਸ ਗੁਰਾਇਆ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖਿਆ ਹੈ।ਗੁਰਾਇਆ ਨੇ ਕਿਹਾ ਕਿ ਇਸ ਮੁਕੱਦਸ ਸਥਾਨ ਦੀ ਕਾਰ ਸੇਵਾ 1973 ਵਿਚ ਸੰਤ ਭੂਰੀ ਵਾਲਿਆਂ ਨੇ ਕੀਤੀ ਸੀ। ਸ: ਗੁਰਾਇਆ ਮੁਤਾਬਕ ਇਸ ਪਵਿੱਤਰ ਅਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਦੀ ਸਮਾਧੀ (ਥੜਾ ਸਾਹਿਬ), ਇਤਿਹਾਸਕ ਗੁੰਬਦ ਜੋ ਰਾਜਾ ਟੋਡਰ ਮੱਲ ਦੇ ਪੜਪੋਤਰੇ ਨਾਨਕ ਚੰਦ ਨੇ ਬਣਵਾਇਆ ਸੀ। ਨਾਨਕ ਚੰਦ ਹੈਦਰਾਬਾਦ ਦੇ ਦੀਵਾਨ (ਮਹਾਰਾਜਾ) ਚੰਦੂ ਲਾਲ ਦਾ ਚਾਚਾ ਸੀ। ਖ਼ੂਬਸੂਰਤ ਗੁੰਬਦ ਅੱਜ ਵੀ ਮੌਜੂਦ ਹੈ। ਸੰਨ 2000 ਦੇ ਆਸ ਪਾਸ ਗੁਰਦੁਆਰਾ ਸਾਹਿਬ ਕੰਪਲੈਕਸ ਦੀ ਕਾਰ ਸੇਵਾ ਕਿਸੇ ਹੋਰ ਸੰਤ ਨੂੰ ਸੌਪ ਦਿਤੀ ਗਈ। ਅੱਜ ਤੋਂ 5-7 ਸਾਲ ਬਾਦ ਇਮਾਰਤ ਬਾਰਸ਼ ਦੌਰਾਨ ਚੋਣ (ਲੀਕਏਜ) ਸ਼ੁਰੂ ਕਰ ਦਿੰਦੀ ਹੈ। ਤਿੰਨ ਚਾਰ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਇੰਜੀਨੀਅਰ ਜਾ ਕੇ ਛੱਤ ਦੀ ਉਪਰੀ ਤਹਿ ਸਥਿਤੀ ਦਾ ਜਾਇਜ਼ਾ ਲੈਂਦੇ ਹਨ। ਉਸ ਸਮੇਂ ਜਦੋਂ ਜਾਇਜ਼ਾ ਲਿਆ ਜਾ ਰਿਹਾ ਸੀ,
Gurudwara
ਮੌਜੂਦਾ ਕਾਰ ਸੇਵਾ ਦੇ ਕਰਿੰਦਿਆਂ ਨੇ ਮਜ਼ਬੂਤ ਕੰਧਾਂ ਨੂੰ ਵਦਾਨ (ਵੱਡਾ ਹਥੌੜਾ) ਮਾਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫ਼ਲ ਨਹੀਂ ਹੋ ਸਕੇ। (ਇਸ ਮਸਲੇ ਦੀ ਵੀ ਪੜਚੋਲ ਕੀਤੀ ਜਾਵੇ) ਉਪਰੰਤ ਛੱਤ 'ਤੇ ਲੀਕਏਜ਼ ਖ਼ਤਮ ਕਰਨ ਲਈ ਮਸਾਲਾ ਪਾ ਦਿਤਾ ਗਿਆ। ਲੀਕਏਜ਼ ਬੰਦ ਹੋ ਗਈ ਤੇ ਮੈਨੂੰ ਦਸਿਆ ਗਿਆ ਹੈ ਕਿ ਇਸ ਵੇਲੇ ਇਮਾਰਤ ਪੂਰੀ ਤਰ੍ਹਾਂ ਲੀਕ-ਪਰੂਫ਼ ਹੈ। ਦਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਬੰਧਕ ਕਿਸੇ ਕਾਰਨ ਕਰ ਕੇ ਇਸ ਮਜ਼ਬੂਤ ਇਮਾਰਤ ਨੂੰ ਢਾਹੁਣ 'ਤੇ ਬਜ਼ਿੱਦ ਹਨ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਾਰ ਸੇਵਾ ਕਾਰਕੁਨਾਂ ਦੇ ਕਹੇ 'ਤੇ ਹੀ ਚਲਾ ਰਹੇ ਹਨ ਜਿਸ ਕਰ ਕੇ ਸਥਾਨਕ ਸੰਗਤਾਂਂ ਤੇ ਕਰਮਚਾਰੀਆਂ ਦੇ ਮਨਾਂ ਵਿਚ ਵੀ ਰੋਸ ਹੈ। ਗੁਰਾਇਆ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ 'ਤੇ ਜ਼ੋਰ ਦਿਤਾ ਤੇ ਮਾਹਰਾਂ ਦੀ ਰਾਇ ਲੈ ਕੇ ਇਮਾਰਤ 'ਤੇ ਇਕ ਤਹਿ ਲੈਂਟਰ ਪਾਇਆ ਜਾ ਸਕਦਾ ਹੈ। ਜੇ ਕਿਤੇ ਢਾਹੁਣਾ ਅਤਿਅੰਤ ਹੀ ਜ਼ਰੂਰੀ ਹੋਵੇ ਤਾਂ ਪੁਰਾਤਤਵ ਤੇ ਇਮਾਰਤ ਮਾਹਰਾਂ ਦੀ ਨਿਗਰਾਨੀ ਹੇਠ ਸਾਰਾ ਕੰਮ ਹੋਵੇ।