
ਦਰਬਾਰ ਸਾਹਿਬ 'ਚ ਬਣਨਗੀਆਂ ਖ਼ੂਬਸੂਰਤ ਪਾਰਕਾਂ
ਦਰਬਾਰ ਸਾਹਿਬ ਦਾ ਚੌਗਿਰਦਾ ਸੁੰਦਰ, ਸੁਗੰਧਤ ਬਣਾਉਣ ਅਤੇ ਵਾਤਾਵਰਣ ਅੰਦਰ ਪ੍ਰਦੂਸ਼ਣ ਦੀ ਮਾਤਰਾ ਘਟਾਉਣ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚਕਾਰ ਸਥਿਤ ਦੋ ਪਾਰਕਾਂ ਨੂੰ ਖ਼ੂਬਸੂਰਤ ਦਿਖ ਦਿਤੀ ਜਾਵੇਗੀ ਜਿਸ ਨੂੰ ਅਮਲ ਵਿਚ ਲਿਆਉਣ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਾਲੀ ਅੰਤ੍ਰਿੰਗ ਕਮੇਟੀ ਨੇ ਪ੍ਰਵਾਨਗੀ ਦੇ ਦਿਤੀ ਹੈ।ਇਸ ਸਬੰਧ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਬਾਗ਼ਬਾਨੀ ਮਾਹਰਾਂ ਵਲੋਂ ਇਕ ਬੈਠਕ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਡਾ. ਰੂਪ ਸਿੰਘ ਤੋਂ ਇਲਾਵਾ ਬਾਗ਼ਬਾਨੀ ਦੇ ਮਾਹਰ ਸੇਵਾਮੁਕਤ ਡਾ. ਜੇ. ਐਸ. ਅਰੋੜਾ ਸਾਬਕਾ ਡੀਨ ਪੰਜਾਬ ਐਗਰੀਕਲਚਰ ਯੂਨੀਵਰਸਟੀ ਲੁਧਿਆਣਾ, ਡਾ. ਜਸਵਿੰਦਰ ਸਿੰਘ ਬਿਲਗਾ ਬਾਗ਼ਬਾਨੀ ਸਲਾਹਕਾਰ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
Darbar Sahib
ਇਕੱਤਰਤਾ ਦੌਰਾਨ ਮਾਹਰਾਂ ਨੇ ਪਾਰਕਾਂ ਸਬੰਧੀ ਕੀਤੀ ਵਿਉਂਤਬੰਦੀ ਅਤੇ ਰੂਪ-ਰੇਖਾ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਸਾਂਝਾ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਾਰਕਾਂ ਦਾ ਨਿਰੀਖਣ ਵੀ ਕੀਤਾ।ਇਸ ਮੌਕੇ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਵਲੋਂ ਸੱਚਖੰਡ ਦਰਬਾਰ ਸਾਹਿਬ ਨਜ਼ਦੀਕ ਇਨ੍ਹਾਂ ਦੋਹਾਂ ਪਾਰਕਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਨਵਿਆਉਣ ਦਾ ਕਾਰਜ ਆਰੰਭ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਪਾਰਕਾਂ ਨੂੰ ਤਿਆਰ ਕਰਨ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਾਂ ਵਲੋਂ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦਸਿਆ ਕਿ ਪਾਰਕਾਂ ਵਿਚ ਚਾਰ ਸਤੰਬ ਬਣਾਏ ਜਾਣਗੇ ਅਤੇ ਹਰ ਸਤੰਬ ਦਾ ਘੇਰਾ 20 ਫੁੱਟ ਹੋਵੇਗਾ। ਸਤੰਬ ਦੇ 10 ਸਟੈੱਪ ਹੋਣਗੇ ਅਤੇ ਹਰ ਸਟੈੱਪ ਇਕ-ਇਕ ਫੁੱਟ ਦਾ ਹੋਵੇਗਾ। ਉਨ੍ਹਾਂ ਦਸਿਆ ਕਿ ਹਰ ਸਤੰਬ ਦੇ ਉਪਰ ਫੁਹਾਰਾ ਸਥਾਪਤ ਕੀਤਾ ਜਾਵੇਗਾ ਅਤੇ ਵਿਸ਼ੇਸ਼ ਲਾਈਟਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਆਕਸੀਜਨ ਬੰਬ ਦੇ ਨਾਲ-ਨਾਲ ਖ਼ੁਸ਼ਬੂ, ਸੁੰਦਰਤਾ ਅਤੇ ਮੈਡੀਸਨ ਮੁੱਲ ਵਾਲੇ ਪੌਦੇ ਵੀ ਵਿਸ਼ੇਸ਼ ਹੋਣਗੇ।