
ਸੌਦਾ ਸਾਧ 'ਤੇ ਤੇ ਚਲ ਰਹੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸੁਣਾਏ..
ਸ੍ਰੀ ਗੰਗਾਨਗਰ, ਮਲੋਟ, 23 ਅਗੱਸਤ (ਹਰਦੀਪ ਸਿੰਘ ਖ਼ਾਲਸਾ): ਸੌਦਾ ਸਾਧ 'ਤੇ ਤੇ ਚਲ ਰਹੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸੁਣਾਏ ਜਾ ਰਹੇ ਅੰਤਮ ਫ਼ੈਸਲੇ ਨੂੰ ਲੈ ਕੇ ਪੰਜਾਬ ਸਣੇ ਗੁਆਂਢੀ ਰਾਜਾਂ ਵਿਚ ਹਾਈ ਅਲਰਟ ਕੀਤਾ ਹੋਇਆ ਹੈ।
ਅਦਾਲਤ ਵਿਚ ਸੌਦਾ ਸਾਧ ਦੀ ਪੇਸ਼ੀ ਨੂੰ ਲੈ ਕੇ ਡੇਰਾ ਪ੍ਰੇਮੀਆਂ ਵਲੋਂ ਸੋਸ਼ਲ ਮੀਡੀਆ 'ਤੇ ਦਿਤੇ ਜਾ ਰਹੇ ਭੜਕਾਊ ਬਿਆਨਾਂ ਦੇ ਮੱਦੇਨਜ਼ਰ ਰਾਜਸਥਾਨ ਦੇ ਸਿੱਖ ਆਗੂਆਂ ਦੇ ਘਰਾਂ ਅਤੇ ਗੁਰਦਵਾਰਿਆਂ ਦੇ ਬਾਹਰ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸਾਂ ਦੀ ਤਾਇਨਾਤੀ ਕਰ ਦਿਤੀ ਗਈ ਹੈ। ਸ੍ਰੀ ਗੰਗਾਨਗਰ ਦੇ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਸਣੇ ਜ਼ਿਲ੍ਹੇ ਦੇ ਹਰ ਕਸਬੇ ਵਿਚ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰ ਦਿਤੀ ਗਈ ਹੈ। ਉਧਰ ਰਾਜਸਥਾਨ ਦੇ ਸਿੱਖ ਆਗੂਆਂ ਨੇ ਸੁਰੱਖਿਆ ਦੇ ਨਾਂਅ ਤੇ ਪੁਲਿਸ ਕਰਮਚਾਰੀਆਂ ਦੇ ਘੇਰੇ ਵਿਚ ਰੱਖਣ ਵਰਗੀਆਂ ਸਾਜ਼ਸ਼ਾਂ ਕਰ ਕੇ ਪੁਲਿਸ ਪ੍ਰਸ਼ਾਸ਼ਨ ਇਸ ਨੂੰ ਡੇਰਾ-ਸਿੱਖ ਵਿਵਾਦ ਦੇ ਰੂਪ ਵਿਚ ਪੇਸ਼ ਕਰਨਾ ਚਾਹੁੰਦੀ ਹੈ ਤਾਕਿ ਕਿਸੇ ਅਣਹੌਣੀ ਘਟਨਾ ਸਮੇਂ ਜ਼ਿੰਮੇਵਾਰੀਆਂ ਤੋਂ ਬਚਿਆ ਜਾ ਸਕੇ। ਰਾਜਸਥਾਨ ਸਿੱਖ ਅਡਵਾਇਜ਼ਰੀ ਕਮੇਟੀ ਦੇ ਆਗੂ ਅਤੇ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੇ ਇਹ ਖ਼ਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਬੀਤੇ ਦਿਨ ਪੁਲਿਸ ਥਾਣੇ ਵਿਚ ਸੱਦੀ ਗਈ ਮੀਟਿੰਗ ਵਿਚ ਵੀ ਇਸ ਮੁੱਦੇ ਤੇ ਹੰਗਾਮਾ ਹੋਇਆ। ਉਨ੍ਹਾਂ ਕਿਹਾ ਕਿ ਸੌਦਾ ਸਾਧ ਵਿਰੁਧ ਇਨ੍ਹਾਂ ਮਾਮਲਿਆਂ ਵਿਚ ਸਿੱਖ ਕੌਮ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਸਬੰਧ ਨਹੀਂ ਹੈ। ਸਿੱਖ ਆਗੂਆਂ ਨੇ ਤਾਂ ਪੂਰੀ ਕੌਮ ਨੂੰ ਇਹ ਅਪੀਲ ਕੀਤੀ ਹੈ ਕਿ ਡੇਰਾ ਮੁਖੀ ਸਬੰਧੀ ਕਿਸੇ ਵੀ ਵਾਦ-ਵਿਵਾਦ ਤੋਂ ਬਚਿਆ ਜਾਵੇ ਅਤੇ ਖ਼ੁਦ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਖਿਆ ਜਾਵੇ।