ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ
Published : Jul 20, 2022, 7:52 am IST
Updated : Jul 20, 2022, 7:52 am IST
SHARE ARTICLE
Nanak Fikai Boliye Tan Man Fikaa Hoe
Nanak Fikai Boliye Tan Man Fikaa Hoe

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਤਲਵਾਰ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ।

 

ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ” ਅਨੁਸਾਰ ਮਨੁੱਖੀ ਜੀਵਨ ਵਿਚ ਫਿੱਕਾ ਬੋਲਣ ਵਾਲੇ ਦੀ ਅਵਸਥਾ ਦਾ ਸਹਿਜ ਸੁਭਾਅ ਹੀ ਪਤਾ ਲਗਦਾ ਹੈ ਕਿ ਜਿਹੜਾ ਮਨੁੱਖ ਦੂਜਿਆਂ ਨੂੰ ਫਿੱਕੇ ਜਾਂ ਕੌੜੇ ਬੋਲ ਬੋਲਦਾ ਹੈ, ਪਹਿਲਾਂ ਤਾਂ ਉਸ ਦੇ ਮਨ  ਅੰਦਰ ਭੈੜੇ ਵਿਚਾਰ ਉਤਪੰਨ ਹੋ ਕੇ ਉਹ ਜ਼ੁਬਾਨ ਰਾਹੀਂ ਬਾਹਰ ਆਉਂਦੇ ਹਨ। ਫਿਰ ਇਹੋ ਜਿਹੇ ਭੈੜੇ ਬਚਨ ਬੋਲਣ ਵਾਲੇ ਦਾ ਸਮਾਜ ਵਿਚ ਵੀ ਕੋਈ ਸਤਕਾਰ ਨਹੀਂ ਰਹਿ ਜਾਂਦਾ। ਇਸ ਦੀ ਪ੍ਰਤੀਕਿਰਿਆ ਇਹ ਹੁੰਦੀ ਹੈ ਕਿ ਜਦੋਂ ਕੋਈ ਕਿਸੇ ਨੂੰ ਕੌੜੇ ਬੋਲ ਬੋਲਦਾ ਹੈ ਤਾਂ ਬੁਰਾ ਬੋਲਣ ਵਾਲੇ ਦਾ ਮਨ ਵੀ ਅੰਦਰੋਂ ਅੰਦਰ ਖਿਝਦਾ ਸੜਦਾ ਰਹਿੰਦਾ ਹੈ। ਹਰ ਵੇਲੇ ਖਿਝੇ ਸੜੇ ਰਹਿਣ ਕਾਰਨ ਸਿਹਤਮੰਦ ਵਿਅਕਤੀ ਵੀ ਛੇਤੀ ਰੋਗ ਸਹੇੜ ਲੈਂਦਾ ਹੈ।

GurbaniGurbani

ਅੱਜ ਦੇ ਜ਼ਮਾਨੇ ਵਿਚ ਸਮੇਂ ਦੇ ਬਦਲਾਅ ਦੇ ਨਾਲ ਨਾਲ ਕੌੜਾ ਬੋਲਣ ਦਾ ਤਰੀਕਾ ਵੀ ਬਦਲ ਰਿਹਾ ਹੈ। ਜਿਹੜੀ ਮਨ ਵਿਚ ਪਾਲੀ ਹੋਈ ਕੁੜੱਤਣ ਸਾਹਮਣੇ ਆ ਕੇ ਨਾ ਬੋਲੀ ਜਾਵੇ ਤਾਂ ਉਸ ਨੂੰ ਅਪਣੇ ਲਫ਼ਜ਼ਾਂ ਰਾਹੀਂ ਜਾਂ ਫ਼ੋਨ ’ਤੇ ਭੜਾਸ ਕੱਢ ਕੇ ਬਿਆਨ ਕੀਤੀ ਜਾਂਦੀ ਹੈ। ਇਹ ਤਰੀਕਾ ਆਮ ਕਰ ਕੇ ਸੋਸ਼ਲ ਮੀਡੀਆ ’ਤੇ ਵਰਤਿਆ ਜਾਂਦਾ ਹੈ। ਕੋਈ ਖ਼ਬਰਾਂ ਦੇ ਚੈਨਲਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਦੀਆਂ ਪੋਸਟਾਂ ’ਤੇ ਕੀਤੇ ਹੋਏ ਕੁਮੈਂਟਾਂ ਰਾਹੀਂ ਐਨੀ ਭੱਦੀ ਅਤੇ ਅਸਭਿਅਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਪੜ੍ਹਨ ਵਾਲੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਦੂਜਿਆਂ ਪ੍ਰਤੀ ਵਰਤੀ ਗਈ ਭੱਦੀ ਭਾਸ਼ਾ ਰਾਹੀਂ ਉਹੋ ਜਿਹੇ ਲੋਕਾਂ ਦੀ ਰਹਿਣੀ ਬਹਿਣੀ, ਪ੍ਰਵਾਰਕ ਪਿਛੋਕੜ, ਪਰਵਰਿਸ਼, ਸੰਸਕਾਰ ਅਤੇ ਸੋਚ ਦੀ ਨੁਮਾਇਸ਼ ਲਗਦੀ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਉਹੋ ਜਿਹੇ ਲੋਕਾਂ ਦੇ ਬਹੁਤ ਘਟੀਆ ਆਚਰਣ ਦੇ ਮਾਲਕ ਹੋਣ ਦਾ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ।

ਵੈਸੇ ਵੀ ਅੱਜਕਲ੍ਹ ਬਹੁਤੇ ਲੋਕਾਂ ਦੇ ਅੰਦਰ ਮਿੱਠਾ (ਸ਼ੂਗਰ) ਅਤੇ ਜ਼ੁਬਾਨ ਤੇ ਕੁੜਤਣ ਭਰੀ ਪਈ ਹੈ। ਜ਼ੁਬਾਨ ਦੀ ਕੁੜਤਣ ਕਾਰਨ ਜਿੱਥੇ ਇਹੋ ਜਿਹੇ ਲੋਕ ਆਪ ਕਦੇ ਖ਼ੁਸ਼ ਨਹੀਂ ਰਹਿ ਸਕਦੇ ਉੱਥੇ ਇਹੋ ਜਿਹੇ ਬੰਦੇ ਕੌੜੇ ਬੋਲ ਬੋਲ ਕੇ ਚੰਗੇ ਭਲੇ ਹੱਸਦੇ ਮਨੁੱਖ ਦੀ ਰੂਹ ਨੂੰ ਸਾੜ ਕੇ ਰੱਖ ਦਿੰਦੇ ਹਨ। ਇਹੋ ਜਿਹੇ ਲੋਕ ਅਪਣੇ ਆਪ ਨੂੰ ਤਾਂ ਤਣਾਅ ਭਰਪੂਰ ਰੱਖਦੇ ਹੀ ਹਨ ਨਾਲ ਹੀ ਅਪਣੇ ਆਲੇ ਦੁਆਲੇ ਵਿਚ ਵਿਚਰਦੇ ਹੋਏ ਲੋਕਾਂ ਦਾ ਮਾਹੌਲ ਵੀ ਤਣਾਅ ਭਰਪੂਰ ਕਰ ਦਿੰਦੇ ਹਨ। ਕੌੜੇ ਬੋਲ ਬੋਲਣ ਵਾਲਿਆਂ ਕਾਰਨ ਕਈ ਵਾਰ ਵੱਡੇ ਵੱਡੇ ਕਾਰਜਾਂ ਵਿਚ ਵਿਘਨ ਪੈ ਜਾਂਦੇ ਹਨ। ਖੁਸ਼ੀਆਂ ਦੇ ਮਾਹੌਲ ਨੂੰ ਲੜਾਈਆਂ ਝਗੜਿਆਂ ਵਿਚ ਬਦਲਣ ਵਾਲੇ ਇਹੋ ਜਿਹੇ ਲੋਕ ਹੀ ਹੁੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜੋ ਦੂਜਿਆਂ ਦੀ ਆਲੋਚਨਾ ਕਰਨਾ, ਰੁੱਖਾ ਬੋਲਣਾ ਅਤੇ ਦੂਜੇ ਨੂੰ ਨੀਵਾਂ ਦਿਖਾਉਣਾ ਅਪਣਾ ਪਰਮ ਧਰਮ ਸਮਝਦੇ ਹਨ। ਇਹ ਲੋਕ ਬਾਕੀ ਲੋਕਾਂ ਤੋਂ ਅਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਛੋਟਾ ਤੇ ਘਟੀਆ ਜਿਹਾ ਸਮਝ ਕੇ ਅਪਣੀ ਅਕਲ ਦੇ ਵੱਖਰੇ ਹੀ ਘੋੜੇ ਦੜਾਉਂਦੇ ਰਹਿੰਦੇ ਹਨ। ਇਨ੍ਹਾਂ ਦੀ ਨਿਗਾਹ ਐਨੀ ਫੁੱਲੀ ਹੋਈ ਹੁੰਦੀ ਹੈ ਕਿ ਅਪਣੇ ਅਖੌਤੀ ਉੱਚੇ ਕੱਦ ਹੇਠ ਸਾਰੀ ਦੁਨੀਆਂ ਬੌਣੀ ਜਾਪਦੀ ਹੈ।

Nanak Fikai Boliye Tan Man Fikaa Hoe
Nanak Fikai Boliye Tan Man Fikaa Hoe

ਕੌੜਾ ਬੋਲਣ ਵਾਲੇ ਲੋਕਾਂ ਨੇ ਜਿੱਥੇ ਸਮਾਜ, ਰਿਸ਼ਤਿਆਂ ਜਾਂ ਅਪਣੇ ਦਫ਼ਤਰੀ ਮਾਹੌਲ ਨੂੰ ਖ਼ਰਾਬ ਕਰਨ ਦਾ ਠੇਕਾ ਲੈ ਰਖਿਆ ਹੁੰਦਾ ਹੈ, ਉਥੇ ਅਪਣੇ ਘਰ ਮਾਹੌਲ ਵੀ ਬਹੁਤ ਸੌੜਾ ਕਰ ਕੇ ਰਖਿਆ ਹੁੰਦਾ ਹੈ ਜਿਸ ਵਿਚ ਨਾ ਕੋਈ ਖੁੱਲ੍ਹ ਕੇ ਹੱਸ ਸਕਦਾ ਹੁੰਦਾ ਹੈ ਤੇ ਨਾ ਹੀ ਕੋਈ ਅਪਣੇ ਦਿਲ ਦੀ ਗੱਲ ਦੂਜਿਆਂ ਅੱਗੇ ਪੇਸ਼ ਕਰ ਸਕਦਾ ਹੈ। ਇਹੋ ਜਿਹੇ ਲੋਕਾਂ ਦੇ ਬੱਚੇ ਡਰੇ ਡਰੇ ਤੇ ਸਹਿਮੇ ਸਹਿਮੇ ਦਿਖਾਈ ਦਿੰਦੇ ਹਨ ਤੇ ਮੌਕਾ ਮਿਲਦੇ ਹੀ ਲੱਤ ਮਾਰ ਕੇ ਦੂਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਦੇ ਜੀਵਨ ਸਾਥੀ ਦਾ ਤਾਂ ਦੁਨੀਆ ’ਤੇ ਆਉਣਾ ਹੀ ਬੇਕਾਰ ਹੋ ਜਾਂਦਾ ਹੈ। ਫਿੱਕਾ ਬੋਲਣ ਵਾਲੇ ਇਨਸਾਨ ਕਾਰਨ ਕਿੰਨੇ ਲੋਕ ਦੁਖੀ ਹੁੰਦੇ ਹਨ ਇਸ ਦਾ ਉਸ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ, ਉਹ ਤਾਂ ਸਿਰਫ਼ ਅਪਣੇ ਤਾਨਾਸ਼ਾਹੀ ਰਵਈਏ ਰਾਹੀਂ ਲੋਕਾਂ ’ਤੇ ਹਾਵੀ ਹੋਣ ਨੂੰ ਅਪਣਾ ਵਡੱਪਣ ਸਮਝਦੇ ਹਨ ਜਦ ਕਿ ਇਸ ਤੋਂ ਛੁੱਟਦਿਲਪਣ ਹੋਰ ਕੁਝ ਹੋ ਹੀ ਨਹੀਂ ਸਕਦਾ।

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਤਲਵਾਰ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਮਨੁੱਖ ਦੁਆਰਾ ਵੀ ਦੂਜਿਆਂ ਲਈ ਬੋਲੇ ਫਿੱਕੇ, ਮੰਦੇ, ਮਾੜੇ ਜਾਂ ਕੌੜੇ ਬੋਲ ਕਦੇ ਨਹੀਂ ਮਿਟਦੇ ਚਾਹੇ ਸੌ ਵਾਰ ਉਹੀ ਇਨਸਾਨ ਚੰਗਾ ਬਣ ਕੇ ਦੂਜੇ ਅੱਗੇ ਚਲਿਆ ਜਾਵੇ। ਇਸ ਤੋਂ ਉਲਟ ‘‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” ਦੇ ਵਾਕ ਅਨੁਸਾਰ ਮਿੱਠੇ ਬੋਲ ਬੋਲਣ ਲਈ ਸਾਨੂੰ ਕੋਈ ਕੁੱਝ ਨਹੀਂ ਅਦਾ ਕਰਨਾ ਪੈਂਦਾ, ਸਗੋਂ ਸਭ ਤੋਂ ਹਰ ਥਾਂ ਵਡਿਆਈ, ਪਿਆਰ ਅਤੇ ਸਤਿਕਾਰ ਮਿਲਦਾ ਹੈ। ਮਿੱਠਾ ਬੋਲਣ ਵਾਲੇ ਲੋਕ ਜਿੱਥੇ ਦੂਜਿਆਂ ਦੇ ਹਿਰਦੇ ਠਾਰ ਦਿੰਦੇ ਹਨ ਉੱਥੇ ਹੀ ਕੌੜਾ ਬੋਲਣ ਵਾਲੇ ਦੂਜਿਆਂ ਦੇ ਹਿਰਦੇ ਸਾੜ ਦਿੰਦੇ ਹਨ

ਬਰਜਿੰਦਰ ਕੌਰ ਬਿਸਰਾਓ
9988901324324

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement