
Panthak News: ਬਸੰਤੀ ਅਤੇ ਕੇਸਰੀ ਦੋਵੇਂ ਇਕੋ ‘ਸੁਨਹਿਰੀ ਰੰਗ’ ਦੇ ਦੋ ਨਾਂ ਹਨ
Panthak News: ਬਾਬਾ ਬਕਾਲਾ ਵਿਖੇ ‘ਰੱਖੜ-ਪੁਨੀਆ ਜੋੜ ਮੇਲੇ’ ਦੌਰਾਨ ਹੋਈ ਦੋ ਰੋਜ਼ਾ ‘ਮੀਰੀ-ਪੀਰੀ ਕਾਨਫ਼ਰੰਸ’ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ 24 ਘੰਟੇ ਚੌਕਸੀ ਤੇ ਪਹਿਰਾ ਲਾਗੂ ਕਰਨ ਲਈ ‘ਧੜੇਬੰਦੀ ਮੁਕਤ ਪੰਚਾਇਤਾਂ’ ਦੀ ਲੋੜ ਬਾਰੇ, ਅਤੇ ‘ਨਿਸ਼ਾਨ ਸਾਹਿਬ’ ਦੇ ਰੰਗਾਂ ਨੂੰ ਲੈ ਕੇ ਚਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਵਿਚਾਰ ਕੀਤੀ ਗਈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ, ਡਾ. ਮਨਜੀਤ ਸਿੰਘ ਰੰਧਾਵਾ ਅਤੇ ਗੁਰੂ ਕਾ ਬਾਗ਼ ਕਾਰਸੇਵਾ ਸੰਪਰਦਾ ਦੇ ਮੁਖੀ ਬਾਬਾ ਸਰਦਾਰਾ ਸਿੰਘ ਨੇ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ। ਸਿੱਖ ਕਾਨਫ਼ਰੰਸ ਨੇ ਫ਼ੈਸਲਾ ਕੀਤਾ ਕਿ ‘ਕੇਸਰੀ ਜਾਂ ਬਸੰਤੀ’ ਦੋਵੇਂ ‘ਸੁਨਹਿਰੀ ਖੱਟੇ ਰੰਗ’ ਦੇ ਦੋ ਭਾਸ਼ਾਈ ਨਾਮ ਹਨ, ਜੋ ਕ੍ਰਮਵਾਰ ‘ਡੂੰਘੇ ਸੰਤਰੀ’ ਅਤੇ ‘ਸਰ੍ਹੋਂ ਫੁੱਲੇ’ ਰੰਗਾਂ ਨਾਲ ਬਿਨਾਂ ਵਜ੍ਹਾ ਉਲਝਾ ਲਏ ਗਏ ਹਨ। ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਦੇ ਮੁਖੀ ਪਦਮਸ੍ਰੀ ਡਾ: ਇੰਦਰਜੀਤ ਕੌਰ, ਪੰਜਾਬੀ ਫ਼ਿਲਮਾਂ ਦੀ ਮਾਂ ਵਰਗੀ ਸ਼ਖ਼ਸੀਅਤ ਪਦਮਸ਼੍ਰੀ ਨਿਰਮਲ ਰਿਸ਼ੀ, ਪਦਮਸ਼੍ਰੀ ਕੀਰਤੀਚੱਕਰ ਸ. ਸਵਰਨ ਸਿੰਘ ਬੋਪਾਰਾਏ ਆਈ.ਏ.ਐਸ, ਨੇ ਪਹਿਲਾਂ ਔਰਤਾਂ ਅਤੇ ਨੌਜਵਾਨਾਂ ਨੂੰ ਸਰਬ ਸਾਂਝੀਆਂ ਪੰਚਾਇਤਾਂ ਬਣਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਸਿਆਸੀ ਤੌਰ ’ਤੇ ਵੰਡੀਆਂ ਪੰਚਾਇਤਾਂ ਨੂੰ ਨਕਾਰਨ ਲਈ ਪ੍ਰੇਰਿਆ ਹੈ, ਜਿਨ੍ਹਾਂ ਨੇ ਪਿੰਡਾਂ ਦੀ ਸਮੂਹਕ ਸ਼ਕਤੀ ਨੂੰ ਅਪਾਹਜ ਕਰ ਦਿਤਾ ਹੈ।