ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਮੁਆਫੀ ਦੀ ਮੰਗ ਕੀਤੀ
ਕੋਲਕਾਤਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਰੀਬ 200 ਲੋਕਾਂ ਨੇ ਬੁਧਵਾਰ ਨੂੰ ਇਕ ਆਈ.ਪੀ.ਐੱਸ. ਅਧਿਕਾਰੀ ਨਾਲ ਇਕਜੁੱਟਤਾ ਵਿਖਾਉਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਆਈ.ਪੀ.ਐਸ. ਅਧਿਕਾਰੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਸੀ।
ਭਾਜਪਾ ਦਫ਼ਤਰ ਨੇੜੇ ਪ੍ਰਦਰਸ਼ਨ ਕਰ ਰਹੇ ਇਕ ਵਿਅਕਤੀ ਨੇ ਕਿਹਾ, ‘‘ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਮੰਗ ਕਰਨ ਲਈ ਕੁੱਝ ਭਾਜਪਾ ਆਗੂ ਪੰਜਾਬ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਹੇ ਹਨ। ਜਦਕਿ ਪੰਜਾਬੀ ਮੂਲ ਦੇ ਇਕ ਪੁਲਿਸ ਮੁਲਾਜ਼ਮ ’ਤੇ ਭਗਵਾ ਪਾਰਟੀ ਨੇ ਅਪਣੀ ਡਿਊਟੀ ਨਿਭਾਉਣ ਲਈ ਅਜਿਹੀ ਹੀ ਟਿਪਣੀ ਕੀਤੀ ਸੀ।’’
ਇਕ ਹੋਰ ਬਜ਼ੁਰਗ ਸਿੱਖ ਨੇ ਕਿਹਾ, ‘‘ਅਸੀਂ ਸਾਰੇ ਦੇਸ਼ ਭਗਤ ਭਾਰਤੀ ਹਾਂ, ਕੋਈ ਵੀ ਸਾਡੀ ਦੇਸ਼ ਭਗਤੀ, ਸਾਡੀਆਂ ਕੁਰਬਾਨੀਆਂ ਅਤੇ ਦੇਸ਼ ਪ੍ਰਤੀ ਸਾਡੇ ਪਿਆਰ ’ਤੇ ਸਵਾਲ ਨਹੀਂ ਉਠਾ ਸਕਦਾ। ਅਸੀਂ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਆਫੀ ਦੀ ਮੰਗ ਕਰਦੇ ਹਾਂ।’’ ਸਿੱਖਾਂ ਨੇ ਪਛਮੀ ਬਰਧਮਾਨ ਜ਼ਿਲ੍ਹੇ ਦੇ ਆਸਨਸੋਲ ’ਚ ਵੀ ਵਿਰੋਧ ਪ੍ਰਦਰਸ਼ਨ ਕੀਤਾ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਭਾਜਪਾ ਦੀ ਵੰਡਪਾਊ ਰਾਜਨੀਤੀ ਦੀ ਨਿੰਦਾ ਕੀਤੀ। ਜਦਕਿ ਸ਼ੁਭੇਂਦੂ ਅਧਿਕਾਰੀ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ’ਤੇ ਸੰਦੇਸ਼ਖਾਲੀ ਮੁੱਦੇ ਤੋਂ ਧਿਆਨ ਭਟਕਾਉਣ ਦਾ ਦੋਸ਼ ਲਾਇਆ। ਸੰਦੇਸ਼ਖਾਲੀ ’ਚ ਪਿਛਲੇ ਕੁੱਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਹੋਏ ਹਨ ਅਤੇ ਸਥਾਨਕ ਔਰਤਾਂ ਨੇ ਤ੍ਰਿਣਮੂਲ ਕਾਂਗਰਸ ਦੇ ਭਗੌੜੇ ਨੇਤਾ ਸ਼ਾਹਜਹਾਂ ਸ਼ੇਖ ਅਤੇ ਉਸ ਦੇ ਸਮਰਥਕਾਂ ’ਤੇ ਜਿਨਸੀ ਸੋਸ਼ਣ ਦਾ ਦੋਸ਼ ਲਾਇਆ ਹੈ।
ਆਈ.ਪੀ.ਐਸ. ਅਧਿਕਾਰੀ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਜਾਣ ਤੋਂ ਰੋਕਣ ਲਈ ਤਾਇਨਾਤ ਕੀਤਾ ਗਿਆ ਸੀ। ਸ਼ੁਭੇਂਦੂ ਅਧਿਕਾਰੀ ਅਤੇ ਭਾਜਪਾ ਦੇ ਇਕ ਹੋਰ ਨੇਤਾ ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ ਕਿ ਆਈ.ਪੀ.ਐਸ. ਅਧਿਕਾਰੀ ਜਸਪ੍ਰੀਤ ਸਿੰਘ ਅਪਣੀ ਡਿਊਟੀ ਨਹੀਂ ਨਿਭਾ ਰਹੇ ਸਨ ਅਤੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿਤਾ ਕਿ ਕਿਸੇ ਵੀ ਪਾਰਟੀ ਵਰਕਰ ਨੇ ਆਈ.ਪੀ.ਐਸ. ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਸੀ। ਅਗਨੀਮਿੱਤਰਾ ਪਾਲ ਨੇ ਦਾਅਵਾ ਕੀਤਾ, ‘‘ਕਿਸੇ ਨੇ ਵੀ ਉਸ ਨਾਲ ਬਦਸਲੂਕੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਖਾਲਿਸਤਾਨੀ ਸ਼ਬਦ ਦੀ ਵਰਤੋਂ ਕੀਤੀ। ਉਹ ਇਕ ਮੁੱਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ।’’
ਮੰਗਲਵਾਰ ਨੂੰ ਸੰਦੇਸ਼ਖਾਲੀ ’ਚ ਭਾਜਪਾ ਦੇ ਰੋਸ ਮਾਰਚ ਦੌਰਾਨ ਜਸਪ੍ਰੀਤ ਸਿੰਘ ਨੇ ਭਾਜਪਾ ਵਰਕਰਾਂ ਨੂੰ ਸਵਾਲ ਕੀਤਾ ਸੀ ਕਿ ‘ਸਿਰਫ ਇਸ ਲਈ ਕਿ ਮੈਂ ਪੱਗ ਬੰਨ੍ਹੀ ਹੋਈ ਹਾਂ, ਤੁਸੀਂ ਲੋਕ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ, ਕੀ ਤੁਸੀਂ ਇਹੀ ਸਿੱਖਿਆ ਹੈ, ਜੇਕਰ ਕੋਈ ਪੁਲਿਸ ਅਧਿਕਾਰੀ ਪੱਗ ਬੰਨ੍ਹ ਕੇ ਅਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਾ ਹੈ ਤਾਂ ਉਹ ਤੁਹਾਡੇ ਲਈ ਖਾਲਿਸਤਾਨੀ ਬਣ ਗਿਆ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’
ਭਾਜਪਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ: ‘ਆਪ’ ਆਗੂ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਪਛਮੀ ਬੰਗਾਲ ’ਚ ਤਾਇਨਾਤ ਇਕ ਸਿੱਖ ਆਈ.ਪੀ.ਐੱਸ. ਅਧਿਕਾਰੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੁੱਝ ਵਰਕਰਾਂ ਵਲੋਂ ਕਥਿਤ ਤੌਰ ’ਤੇ ‘ਖਾਲਿਸਤਾਨੀ’ ਕਹਿਣ ’ਤੇ ਬੁਧਵਾਰ ਨੂੰ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਜਪਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਸੱਤਾ ਦੇ ਹੰਕਾਰ ’ਚ ਕਿਸੇ ਵਿਅਕਤੀ ਨੂੰ ‘ਗੱਦਾਰ, ਖਾਲਿਸਤਾਨੀ, ਅਤਿਵਾਦੀ ਜਾਂ ਨਕਸਲੀ’ ਵਜੋਂ ਸਰਟੀਫਿਕੇਟ ਵੰਡ ਰਹੀ ਹੈ। ਰਾਏ ਨੇ ਦੋਸ਼ ਲਾਇਆ ਕਿ ਇਹ ਦਰਸਾਉਂਦਾ ਹੈ ਕਿ ਨਫ਼ਰਤ ਦੀ ਇਹ ਧਾਰਨਾ ਉਨ੍ਹਾਂ ਦੇ ਦਿਮਾਗ ਵਿਚ ਕਿਵੇਂ ਵਸ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।