
ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵੀ ਚਾਹੀਦਾ ਕਿ ਉਹ ਆਪਣੇ ਵੱਲੋਂ ਚਲਾਈਆਂ ਗੋਲ਼ੀਆਂ ਤੇ ਬਦਨਾਮ ਕੀਤੀ ਛਬੀਲ ਦੀ ਮੁਆਫ਼ੀ ਮੰਗਣ।
Ranjeet Singh Dhadrianwale: ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ 'ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਚਿੰਤਾ ਵਿਅਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਸੰਬਧੀ ਸਿੰਘ ਸਾਹਿਬਾਨ ਦੇ ਹੁਕਮ ਤਹਿਤ ਇੱਥੇ ਹਾਜ਼ਰ ਹੋਇਆ। 20 ਸਾਲਾਂ ਦੇ ਧਰਮ ਪ੍ਰਚਾਰ ਦੇ ਤਜ਼ਰਬੇ ਦੇ ਨਾਲ-ਨਾਲ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ ਹੈ। ਹੁਣ ਮੁੜ ਤੋਂ ਵਧ ਚੜ੍ਹ ਕੇ ਅੰਮ੍ਰਿਤ ਸੰਚਾਰ ਹੋਵੇਗਾ। ਧਰਮ ਪ੍ਰਚਾਰ ਲਈ ਸਾਰੇ ਪ੍ਰਚਾਰਕਾਂ ਨੂੰ ਕਮਰ ਕੱਸ ਕੇ ਇਕਜੁੱਟ ਹੋਣਾ ਚਾਹੀਦਾ ਹੈ। ਮੈ ਜਿਸ ਤਰ੍ਹਾਂ ਮੁਆਫ਼ੀ ਮੰਗੀ ਹੈ, ਇਸੇ ਤਰ੍ਹਾਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵੀ ਚਾਹੀਦਾ ਕਿ ਉਹ ਆਪਣੇ ਵੱਲੋਂ ਚਲਾਈਆਂ ਗੋਲ਼ੀਆਂ ਤੇ ਬਦਨਾਮ ਕੀਤੀ ਛਬੀਲ ਦੀ ਮੁਆਫ਼ੀ ਮੰਗਣ।
ਰਣਜੀਤ ਸਿੰਘ ਢੱਡਰੀਆਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਜਿਥੇ ਉਨ੍ਹਾਂ ਆਪਣੇ ਵੱਲੋਂ ਦਿੱਤੇ ਵਿਵਾਦਤ ਬਿਆਨਾਂ ਦੀ ਮੁਆਫ਼ੀ ਮੰਗੀ।
ਇਸ ਮੌਕੇ ਗਲਬਾਤ ਕਰਦਿਆਂ ਢੱਡਰੀਆਂਵਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਸਿੰਘ ਸਾਹਿਬਾਨ ਵਲੋਂ ਹੁਕਮ ਲਗਾਇਆ ਗਿਆ ਸੀ ਕਿ ਉਹ ਨਸ਼ੇ ਦੇ ਖ਼ਾਤਮੇ ਅਤੇ ਧਰਮ ਪਰਿਵਰਤਨ ਵਰਗੇ ਗੰਭੀਰ ਮੁੱਦੇ ਉੱਤੇ ਆ ਕੇ ਮਿਲਣ, ਜਿਸ ਦੇ ਚਲਦੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਵੱਡੇ ਪੱਧਰ ਉੱਤੇ ਧਰਮ ਪਰਿਵਰਤਨ ਦੀ ਲਹਿਰ ਚੱਲੀ ਆ ਰਹੀ ਹੈ। ਇਸ ਨੂੰ ਰੋਕਣ ਲਈ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਦੀ ਲੋੜ ਹੈ ਤੇ ਨਸ਼ੇ ਦੇ ਖ਼ਾਤਮੇ ਲਈ ਨੌਜਵਾਨੀ ਨੂੰ ਧਰਮ ਪ੍ਰਚਾਰ ਦੀ ਲਹਿਰ ਨਾਲ ਜੋੜਣ ਦੀ ਵੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੁਝ ਵਿਵਾਦਾਂ ਦੇ ਚਲਦੇ ਇਹ ਕੰਮ ਰੁਕਿਆ ਸੀ ਪਰ ਹੁਣ ਮੁੜ ਧਰਮ ਪ੍ਰਚਾਰ ਦੀ ਲਹਿਰ ਨਾਲ ਸੰਗਤ ਨੂੰ ਜੋੜ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।