
ਕਿਹਾ, ਗੁਰੂ ਸਾਹਿਬਾਨ ਦਾ ਸਾਥ ਦਿੰਦਿਆਂ ਭਾਈ ਮਨੀ ਸਿੰਘ ਦਾ ਸਾਰਾ ਪ੍ਰਵਾਰ ਹੋਇਆ ਸ਼ਹੀਦ
ਕੋਟਕਪੂਰਾ : ਜੋ ਲੋਕ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਜਾਣੂ ਨਹੀਂ, ਉਹ ਜੋ ਮਰਜ਼ੀ ਕਰਮਕਾਂਡ ਕਰਨ ਪਰ ਜਿਹੜੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਮੂਹਰੇ ਰੋਜ਼ਾਨਾ ਮੱਥਾ ਟੇਕਦੇ ਹਨ, ਗੁਰਬਾਣੀ ਕੀਰਤਨ ਸਰਵਣ ਕਰਦੇ ਹਨ, ਨਿਤਨੇਮੀ ਵੀ ਹਨ ਪਰ ਫਿਰ ਵੀ ਉਨ੍ਹਾਂ ਦੇ ਗੁੱਟਾਂ 'ਤੇ ਮੌਲੀਆਂ ਵਾਲਾ ਲਾਲ ਧਾਗਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂਕਿ ਗੁਰੂ ਸਾਹਿਬਾਨ ਨੇ ਅਜਿਹੇ ਕਰਮਕਾਂਡਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਕਥਾਵਾਚਕ ਭਾਈ ਹਰਜੋਤ ਸਿੰਘ ਲੱਧੂਵਾਲਾ ਨੇ ਆਖਿਆ ਕਿ ਜ਼ਿਆਦਾਤਰ ਲੋਕ ਦੇਖਾ ਦੇਖੀ 'ਚ ਧਾਰਮਕ ਕਰਮਕਾਂਡਾਂ 'ਚ ਗ੍ਰਸਤ ਚੁੱਕੇ ਹਨ।
Pic-1
ਭਾਈ ਮਨੀ ਸਿੰਘ ਦੀ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਗਏ ਕਥਾ ਕੀਰਤਨ ਸਮਾਗਮ ਦੌਰਾਨ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਲੱਧੂਵਾਲਾ ਨੇ ਦੇਸ਼ ਵਿਦੇਸ਼ 'ਚ ਵਸਦੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾਈ ਦੀ ਦੁਕਾਨ 'ਤੇ ਜਾਣ ਤੋਂ ਪਹਿਲਾਂ ਅਰਥਾਤ ਰੋਮਾ ਦੀ ਬੇਅਦਬੀ ਕਰਨ ਮੌਕੇ ਸ਼ਹੀਦ ਭਾਈ ਤਾਰੂ ਸਿੰਘ ਜੀ ਵਲੋਂ ਕੇਸਾਂ ਦੇ ਸਤਿਕਾਰ ਲਈ ਖੋਪਰ ਲੁਹਾਉਣ ਵਾਲੀ ਇਤਿਹਾਸਕ ਘਟਨਾ ਨੂੰ ਜ਼ਰੂਰ ਯਾਦ ਕਰ ਲਿਆ ਕਰਨ।
Bhai Mani Singh Ji
ਉਨ੍ਹਾਂ ਦਸਿਆ ਕਿ ਭਾਈ ਮਨੀ ਸਿੰਘ ਜੀ ਦੇ ਸਾਰੇ ਪਰਵਾਰ ਨੇ ਗੁਰੂ ਸਾਹਿਬਾਨ ਦਾ ਸਾਥ ਦਿੰਦਿਆਂ ਸ਼ਹਾਦਤ ਦਾ ਜਾਮ ਪੀਤਾ, ਭਾਈ ਤਾਰੂ ਸਿੰਘ ਨੇ ਗ਼ੈਰ ਸਿੱਖ ਦੀ ਧੀ ਨੂੰ ਬਚਾਉਣ ਖ਼ਾਤਰ ਖੋਪਰ ਲੁਹਾਇਆ ਅਤੇ ਸਿੱਖ ਸਿਧਾਂਤਾਂ ਤੇ ਪੰਥਕ ਵਿਚਾਰਧਾਰਾ ਖ਼ਾਤਰ ਕੁਰਬਾਨੀ ਦੇਣ ਵਾਲੇ ਜੁਝਾਰੂ ਯੋਧਿਆਂ ਦੀ ਸੂਚੀ ਬਹੁਤ ਲੰਮੀ ਹੈ ਪਰ ਅਪਣੀਆਂ ਕਥਿਤ ਸੰਪਰਦਾਵਾਂ ਅਤੇ ਡੇਰਾ ਮੁਖੀਆਂ ਦੇ ਕਹਿਣ 'ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਿਆਂ ਨੂੰ ਵੋਟਾਂ ਪਾਉਣ ਵਾਲੇ ਇਹ ਜ਼ਰੂਰ ਸੋਚਣ ਕਿ ਤੁਹਾਡਾ ਡੇਰਾ ਮੁਖੀ ਜਾਂ ਸੰਪਰਦਾ ਦਾ ਆਗੂ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਨਹੀਂ ਹੋ ਸਕਦਾ। ਇਸ ਮੌਕੇ ਅਨੇਕਾਂ ਨਿਸ਼ਕਾਮ ਵੀਰ/ਭੈਣਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅੰਤ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ।