
ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਕਾਰ ਸ਼ਬਦੀ ਹਮਲੇ ਵਧਦੇ ਜਾ ਰਹੇ ਹਨ
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਤਰੀਕ ਦੇ ਰੇੜਕੇ ਕਾਰਨ ਐੱਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਕਾਰ ਸ਼ਬਦੀ ਹਮਲੇ ਵਧਦੇ ਜਾ ਰਹੇ ਹਨ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਮਜਬੂਰੀ ਦੱਸਦਿਆਂ ਕਿਹਾ ਹੈ ਕਿ 9 ਨਵੰਬਰ ਨੂੰ ਸਾਰੇ ਮੈਂਬਰ ਜਨਰਲ ਇਜਲਾਸ ਵਿੱਚ ਹਾਜ਼ਰ ਨਹੀਂ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਜਲਾਸ ਦੀ ਤਰੀਕ ਅਗਾਂਹ ਵਧਾਉਣ ਦੀ ਗੱਲ ਕਹੀ ਸੀ।
ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਜਨਰਲ ਇਜਲਾਸ ਦੀ ਤਰੀਕ 9 ਨਵੰਬਰ ਹੀ ਤੈਅ ਕੀਤੀ ਗਈ ਹੈ, ਅਤੇ ਇਸ ਨੂੰ ਅਗਾਂਹ ਨਹੀਂ ਪਾਇਆ ਜਾ ਸਕਦਾ। ਧਾਮੀ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਹੋ ਰਹੇ ਇਜਲਾਸ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਜਲਾਸ ਸਬੰਧੀ ਚਿੱਠੀਆਂ ਮੈਂਬਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ।
ਇਸ ਮਾਮਲੇ 'ਚ ਪਹਿਲਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ 8 ਨਵੰਬਰ ਨੂੰ ਦੇਸ਼ਾਂ ਵਿਦੇਸ਼ਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਜਨਰਲ ਇਜਲਾਸ ਦੀ ਤਰੀਕ ਅਗਾਂਹ ਵਧਾਉਣ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਬਹੁਤ ਸਾਰੇ ਸਿੰਘ ਸਹਿਬਾਨ ਤੇ ਮੈਂਬਰ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਸਮਾਗਮ ‘ਚ ਸ਼ਮੂਲੀਅਤ ਲਈ ਦੇਸ਼ ਵਿਦੇਸ਼ ਗਏ ਹੋਣਗੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਸਾਰਿਆਂ ਦਾ ਆਪਣੇ ਹਲਕੇ ਤੋਂ ਬਾਹਰ ਹੋਣ ਕਾਰਨ ਇਜਲਾਸ ਵਿੱਚ ਪਹੁੰਚਣਾ ਮੁਸ਼ਕਿਲ ਹੋਵੇਗਾ। ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜੱਥੇ ਵਿੱਚ ਵੀ ਕਈ ਮੈਂਬਰ ਜਾ ਰਹੇ ਹਨ, ਜਿਨ੍ਹਾਂ ਦੀ ਵਾਪਸੀ 15 ਨਵੰਬਰ ਨੂੰ ਹੈ।
ਇੱਕ ਸਾਬਕਾ ਤੇ ਇੱਕ ਮੌਜੂਦਾ ਪ੍ਰਧਾਨ ਦਾ ਇਹ ਟਕਰਾਅ ਉਸ ਵੇਲੇ ਉੱਠ ਰਿਹਾ ਹੈ, ਜਦੋਂ ਸ਼੍ਰੋਮਣੀ ਕਮੇਟੀ ਪਹਿਲਾਂ ਤੋਂ ਸੁਪਰੀਮ ਕੋਰਟ ਵੱਲੋਂ ਹਰਿਆਣਾ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਕਨੂੰਨ ਤਹਿਤ ਮਜ਼ਬੂਤ ਹੋਈ ਹਰਿਆਣਾ ਕਮੇਟੀ ਨਾਲ ਵੀ ਟਕਰਾਅ ਦੇ ਰੌਂਅ 'ਚ ਹੈ।