
ਜਥੇਦਾਰਾਂ ਲਈ ਵੱਡੀ ਚੁਨੌਤੀ, ਪੰਥ ਦੀਆਂ ਸੱਭ ਨਜ਼ਰਾਂ ਮੁੜ ਅਕਾਲ ਤਖ਼ਤ ਵਲ ਲੱਗੀਆਂ
Panthak News: ਅਕਾਲੀ ਦਲ ਬਾਦਲ ਵਲੋਂ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦਰਕਿਨਾਰ ਕਰ ਕੇ ਅਪਣੀ ਮਰਜ਼ੀ ਮੁਤਾਬਕ ਅਤੇ ਅਪਣੇ ਵਲੋਂ ਬਣਾਈਆਂ ਕਮੇਟੀਆਂ ਦੀ ਦੇਖ ਰੇਖ ਵਿਚ ਪਾਰਟੀ ਦੇ ਪੁਨਰ ਗਠਨ ਲਈ ਭਰਤੀ ਮੁਹਿੰਮ ਸ਼ੁਰੂ ਕਰ ਦੇਣ ਬਾਅਦ ਅਕਾਲੀ ਦਲ ਤੇ ਪੰਥ ਦਾ ਸੰਕਟ ਤੇ ਮਸਲੇ ਮੁੜ ਪਹਿਲੀ ਥਾਂ ਉਪਰ ਆਉਂਦੇ ਦਿਖਾਈ ਦੇ ਰਹੇ ਹਨ।
2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਉਪਰ ਪੰਜ ਸਿੰਘ ਸਾਹਿਬਾਨ ਵਲੋਂ ਸੁਣਾਏ ਫ਼ੈਸਲਿਆਂ ਅਤੇ ਸੁਖਬੀਰ ਬਾਦਲ ਵਲੋਂ ਬਿਨਾਂ ਕਿਸੇ ਨਾਂਹ ਨੁਕਰ ਦੇ ਕਬੂਲ ਕੀਤੇ ਗੁਨਾਹਾਂ ਬਾਅਦ ਪੰਥਕ ਹਲਕਿਆਂ ਅੰਦਰ ਨਵੀਂ ਉਮੀਦ ਪੈਦਾ ਹੋਈ ਸੀ ਅਤੇ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਵੀ ਮੁੜ ਬਹਾਲ ਹੋਇਆ ਸੀ ਪਰ ਹੁਣ ਬਾਦਲ ਅਕਾਲੀ ਦਲ ਨੇ ਜਿਸ ਤਰ੍ਹਾਂ ਨੰਗੇ ਚਿੱਟੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਨੂੰ ਪਾਸੇ ਕਰ ਕੇ ਭਰਤੀ ਦੀ ਮੁਹਿੰਮ ਵੱਡੀ ਪੱਧਰ ’ਤੇ ਆਰੰਭ ਦਿਤੀ ਗਈ ਹੈ, ਉਸ ਨੇ 2 ਦਸੰਬਰ ਨੂੰ ਫ਼ੈਸਲਿਆਂ ਬਾਅਦ ਬਣੀ ਸਾਰੀ ਸਥਿਤੀ ਨੂੰ ਉਲਟਾ ਗੇੜਾ ਦੇ ਦਿਤਾ ਹੈ। ਇਸ ਲਾਲ ਜਿਥੇ ਅਕਾਲੀ ਦਲ ਏਕਤਾ ਦਾ ਪੈਦਾ ਹੋਇਆ ਮੌਕਾ ਖ਼ਤਮ ਹੋ ਰਿਹਾ ਹੈ, ਉਥੇ ਤਖ਼ਤਾਂ ਦੇ ਜਥੇਦਾਰਾਂ ਲਈ ਵੀ ਚੁਨੌਤੀਪੂਰਨ ਸਥਿਤੀ ਪੈਦਾ ਹੋਈ ਹੈ।
ਇਕ ਵਾਰ ਫਿਰ ਪੰਥ ਦੀਆਂ ਨਜ਼ਰਾਂ ਜਥੇਦਾਰਾਂ ਉਪਰ ਲੱਗ ਗਈਆਂ ਹਨ ਕਿ ਹੁਣ ਉਹ ਅੰਗੇ ਕੀ ਫ਼ੈਸਲਾ ਸੁਣਾਉਂਦੇ ਹਨ ਜਾਂ ਮਾਮਲਾ ਇਥੇ ਹੀ ਖ਼ਤਮ ਹੋ ਜਾਵੇਗਾ। ਵਰਨਣਯੋਗ ਗੱਲ ਹੈ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਮਰਥਕ ਆਗੂਆਂ ਨੇ ਜਿਸ ਤਰ੍ਹਾਂ ਅਕਾਲ ਤਖ਼ਤ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਕੇ ਭਰਤੀ ਮੁਹਿੰਮ ਸ਼ੁਰੂੁ ਕਰ ਦਿਤੀ ਹੈ, ਉਸ ਨਾਲ ਬਾਦਲ ਦਲ ਅੰਦਰ ਵੀ ਮਤਭੇਦ ਪੈਦਾ ਹੋ ਗਏ ਹਨ ਜਦਕਿ ਸੁਧਾਰ ਲਹਿਰ ਬਣਾ ਕੇ ਪਾਰਟੀ ਦੇ ਵੱਡੇ ਪ੍ਰਮੁੱਖ ਆਗੂ ਪਹਿਲਾਂ ਹੀ ਸੁਖਬੀਰ ਨਾਲੋਂ ਅਲੱਗ ਹੋ ਚੁੱਕੇ ਹਨ।
ਵਰਨਣਯੋਗ ਗੱਲ ਹੈ ਕਿ ਅਕਾਲ ਤਖ਼ਤ ਉਪਰ ਜਥੇਦਾਰਾਂ ਵਲੋਂ ਸੁਣਾਏ ਫ਼ੈਸਲੇ ਤਹਿਤ ਭਰਤੀ ਲਈ ਗਠਤ ਸੱਤ ਮੈਂਬਰੀ ਕਮੇਟੀ ਵਿਚ ਚਾਰ ਮੈਂਬਰ ਬਾਦਲ ਦਲ ਤੇ ਤਿੰਨ ਬਾਗ਼ੀ ਧੜੇ ਨਾਲ ਸਬੰਧਤ ਸਨ। ਕਮੇਟੀ ਦੇ ਮੁਖੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣਾਏ ਗਏ ਸਨ। ਉਨ੍ਹਾਂ ਨਾਲ ਬਾਗ਼ੀ ਦਲ ਵਿਚੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਬੀਬੀ ਸਤਵੰਤ ਕੌਰ ਮੈਂਬਰ ਲਏ ਗਏ। ਬਾਦਲ ਦਲ ਨਾਲ ਸਬੰਧਤ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ ਤੇ ਇਕਬਾਲ ਸਿੰਘ ਝੂੰਦਾਂ ਸ਼ਾਮਲ ਕੀਤੇ ਗਏ।
ਵਰਨਣਯੋਗ ਹੈ ਕਿ ਇਹ ਸਾਰੀ ਕਮੇਟੀ ਅਕਾਲ ਤਖ਼ਤ ਦੇ ਫ਼ੈਸਲੇ ਇਨ ਬਿਨ ਲਾਗੂ ਕਰਨ ਦੇ ਹੱਕ ਵਿਚ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸਮੇਤ ਬਾਦਲ ਦਲ ਨਾਲ ਸਬੰਧਤ ਚਾਰੇ ਮੈਂਬਰਾਂ ਨੇ ਪਾਰਟੀ ਦੀ ਭਰਤੀ ਮੁਹਿੰਮ ਤੋਂ ਦੂਰੀ ਬਣਾ ਲਈ ਹੈ। ਮਨਪ੍ਰੀਤ ਇਆਲੀ, ਇਕਬਾਲ ਸਿੰਘ ਝੂੰਦਾਂ ਤਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਹੀ ਸਰਬਉਚ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਜੋ 7 ਮੈਂਬਰੀ ਕਮੇਟੀ ਦੇ ਮੁਖੀ ਹਨ, ਵੀ ਅਕਾਲ ਤਖ਼ਤ ਦਾ ਫ਼ੈਸਲਾ ਇਨ ਬਿਨ ਲਾਗੂ ਕਰਨ ਦੇ ਹੱਕ ਵਿਚ ਹਨ ਅਤੇ ਪ੍ਰੋ. ਬਡੂੰਗਰ ਭਾਵੇਂ ਜਨਤਕ ਤੌਰ ’ਤੇ ਕੋਈ ਰਾਏ ਪ੍ਰਗਟ ਨਹੀਂ ਕੀਤੀ ਪਰ ਉਨ੍ਹਾਂ ਦੀ ਚੁੱਪ ਤੇ ਭਰਤੀ ਮੁਹਿੰਮ ਤੋਂ ਦੂਰੀ ਵੀ ਇਹੋ ਸਪੱਸ਼ਟ ਕਰ ਰਹੀ ਹੈ ਕਿ ਬਾਦਲ ਦਲ ਦੇ ਹੀ ਜਨਰਲ ਸਕੱਤਰ ਅਤੇ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਵਾਰ ਵਿਚੋਂ ਜਥੇਦਾਰ ਗੁਰਜੀਤ ਸਿੰਘ ਤਲਵੰਡੀ ਵੀ ਅਕਾਲ ਤਖ਼ਤ ਦੇ ਫ਼ੈਸਲੇ ਨਾਲ ਖੜੇ ਹਨ ਅਤੇ ਉਨ੍ਹਾਂ ਦਲੀਲਾਂ ਨਾਲ ਇਹ ਗੱਲ ਵੀ ਆਖੀ ਹੈ ਕਿ 7 ਮੈਂਬਰੀ ਕਮੇਟੀ ਦੀ ਨਿਗਰਾਨੀ ਨਾਲ ਕਾਨੂੰਨੀ ਤੌਰ ’ਤੇ ਪਾਰਟੀ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਬਾਦਲ ਦਲ ਨੇ ਅਪਣੇ ਧੜੇ ਦੇ ਆਗੂਆਂ ਨੂੰ ਭਰਤੀ ਦੀਆਂ ਕਾਪੀਆਂ ਖ਼ੁਦ ਮੈਂਬਰਸ਼ਿਪ ਲੈਣ ਬਾਅਦ ਵੰਡ ਦਿਤੀਆਂ ਹਨ ਅਤੇ ਹੁਣ ਪੰਜਾਬ ਤੇ ਦਿੱਲੀ ਸਣੇ ਹੋਰ ਰਾਜਾਂ ਵਿਚ ਵੀ ਅਕਾਲ ਤਖ਼ਤ ਦੀ 7 ਮੈਂਬਰੀ ਕਮੇਟੀ ਨੂੰ ਪਾਸ ਕਰ ਕੇ ਧੜਾਧੜ ਭਰਤੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਮਸਲੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਬਾਗ਼ੀ ਧੜੇ ਦੇ ਆਗੂ ਜਥੇਦਾਰ ਵਡਾਲਾ ਨੂੰ ਬੁਲਾ ਕੇ ਵੀ ਵਿਚਾਰ ਕਰ ਚੁੱਕੇ ਹਨ। ਵਡਾਲਾ ਨੇ ਤਾਂ ਇਸ ਮੀਟਿੰਗ ਬਾਅਦ ਫਿਰ ਦਾਅਵਾ ਕੀਤਾ ਹੈ ਕਿ ਜਥੇਦਾਰ ਸਾਹਿਬਾਨ ਅੱਜ ਵੀ 7 ਮੈਂਬਰੀ ਕਮੇਟੀ ਬਣਾਉਣ ਦੇ ਫ਼ੈਸਲੇ ਉਪਰ ਕਾਇਮ ਹਨ ਪਰ ਇਸ ਦੇ ਬਾਵਜੂਦ ਬਾਦਲ ਦਲ ’ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ। ਇਸ ਕਰ ਕੇ ਹੁਣ ਇਕ ਵਾਰ ਫਿਰ ਪੰਥ ਦੀਆਂ ਸੱਭ ਨਜ਼ਰਾਂ ਜਥੇਦਾਰਾਂ ਵੱਲ ਲੱਗੀਆਂ ਹੋਈਆਂ ਹਨ।