
ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਸਬੰਧੀ ਪੋਸਟਾਂ ’ਤੇ ਲਗਾਈ ਪਾਬੰਦੀ
Panthak News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਕੇਂਦਰ ਸਰਕਾਰ ਦੇ ਕਥਿਤ ਇਸ਼ਾਰੇ 'ਤੇ 'ਐਕਸ' 'ਤੇ ਅਪਣੇ ਦੋ ਟਵੀਟਾਂ ਨੂੰ ਰੋਕਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਨੂੰ 'ਐਕਸ' ਵਲੋਂ ਇਕ ਨੋਟਿਸ ਮਿਲਿਆ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਤੋਂ ਕਾਨੂੰਨੀ ਤੌਰ 'ਤੇ ਹਟਾਉਣ ਦੀ ਮੰਗ ਪ੍ਰਾਪਤ ਹੋਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਸਮੱਗਰੀ ਸੂਚਨਾ ਤਕਨਾਲੋਜੀ ਐਕਟ, 2000 ਦੀ ਉਲੰਘਣਾ ਹੈ।
ਇਕ ਟਵੀਟ ਵਿਚ ਸ਼੍ਰੋਮਣੀ ਕਮੇਟੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਇਕਜੁੱਟਤਾ ਦਿਖਾਈ ਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਕਿਸਾਨਾਂ ਵਿਰੁਧ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਦੇ ਮਸਲੇ ਹੱਲ ਕਰੇ। ਇਕ ਹੋਰ ਟਵੀਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਦਾ ਹਿੱਸਾ ਹੈ।
We raise strong objection to @X notice regarding withholding our two X posts. One post is statement of @SGPCPresident asking government to solve problems of protesting farmers instead of using force on them. Voicing out concerns of community members is responsibility of our… pic.twitter.com/zNSHK32hgG
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਵਲੋਂ ‘ਐਕਸ’ ਨੂੰ ਸਮੱਗਰੀ ਰੋਕਣ ਲਈ ਕਹਿਣਾ ਅਤਿ ਨਿੰਦਣਯੋਗ ਹੈ। ਕਿਸਾਨ ਭਾਈਚਾਰੇ ਦੀਆਂ ਚਿੰਤਾਵਾਂ ਦੀ ਆਵਾਜ਼ ਉਠਾਉਣ ਵਿਚ ਕੀ ਇਤਰਾਜ਼ਯੋਗ ਹੈ? ਅਸੀਂ ਕੇਂਦਰ ਤੋਂ ਤੁਰੰਤ ਸਪੱਸ਼ਟੀਕਰਨ ਮੰਗਿਆ ਹੈ।
ਐਸ.ਜੀ.ਪੀ.ਸੀ. ਨੇ ਸਕੱਤਰ, ਸਾਈਬਰ ਸੁਰੱਖਿਆ ਡਿਵੀਜ਼ਨ, ਭਾਰਤ ਸਰਕਾਰ ਨੂੰ ਇਕ ਬਿਆਨ ਭੇਜਿਆ ਹੈ, ਜਿਸ ਵਿਚ ਟਵੀਟ ਦੀ ਸਮੱਗਰੀ ਵਿਚ ਆਈਟੀ ਐਕਟ, 2000 ਦੇ ਅਨੁਸਾਰ 'ਗੈਰ-ਕਾਨੂੰਨੀ' ਕੀ ਹੈ, ਇਸ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
(For more Punjabi news apart from ‘X’ withholds SGPC’s pro-farmer, Gurpurb congratulatory tweets, stay tuned to Rozana Spokesman)