
ਉਨ੍ਹਾਂ ਕਿ ਪੀਰਾਂ ਦੇ ਦਰਬਾਰ ਮੁਕਾਬਲੇ ਇਥੇ ਦੇ ਮੁੱਖ ਸੇਵਾਦਾਰ ਦਾ ਗੱਦੀ ਲਗਾਉਣ ਵਾਲਾ ਕਮਰਾ ਕਿਤੇ ਜ਼ਿਆਦਾ ਆਲੀਸ਼ਾਨ ਹੈ।
ਕੀਰਤਪੁਰ ਸਾਹਿਬ 25 ਅਗੱਸਤ (ਸੁਖਚੈਨ ਸਿੰਘ ਰਾਣਾ): ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੂਫ਼ੀ ਫ਼ਕੀਰ ਪੀਰ ਬਾਬਾ ਬੁੱਢਣ ਸਾਹ ਜੀ ਦੀ ਯਾਦ ਵਿਚ ਕੀਰਤਪੁਰ ਸਾਹਿਬ ਵਿਖੇ ਸਥਿਤ ਦਰਗਾਹ ਅੰਦਰ ਉਸ ਸਮੇਂ ਸਥਿਤੀ ਗੰਭੀਰ ਬਣ ਗਈ ਜਦ ਇਕ ਔਰਤ ਵਲੋਂ ਉਕਤ ਧਾਰਮਕ ਸਥਾਨ ਦੇ ਮੁੱਖ ਸੇਵਾਦਾਰ ਵਲੋਂ ਦਰਬਾਰ ਦੇ ਸਾਹਮਣੇ ਅਤੇ ਦਰਬਾਰ ਨਾਲੋਂ ਉੱਚੀ ਗੱਦੀ ਲਗਾ ਕਿ ਇਥੇਂ ਆਉਣ ਵਾਲੀ ਸੰਗਤਾਂ ਨੂੰ ਧਾਗੇ ਤਬੀਤ ਅਤੇ ਹੋਰ ਚੀਜਾਂ ਮੰਤਰ ਕੇ ਦੇਣ 'ਤੇ ਰੋਸ ਪ੍ਰਗਟ ਕੀਤਾ।
ਪੰਜਾਬ ਦੇ ਸਮਰਾਲਾ (ਲੁਧਿਆਣਾ) ਨਾਲ ਸਬੰਧਤ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਲਗਭਗ ਦੋ ਸਾਲਾਂ ਤੋਂ ਇਸ ਧਾਰਮਕ ਸਥਾਨ 'ਤੇ ਆ ਕਿ ਇਥੋਂ ਦੇ ਪੁਜਾਰੀਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਵੇਖਦੀ ਆ ਰਹੀ ਹਨ। ਉਨ੍ਹਾਂ ਕਿਹਾ ਕਿ ਇਥੇ ਇਨ੍ਹਾਂ ਵਲੋਂ ਅਹਿਜੇ ਕਈ ਕਰਮ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਇਸਲਾਮ ਜਾਂ ਸਿੱਖ ਧਰਮ ਨਾਲ ਦੂਰ-ਦੂਰ ਤਕ ਕੋਈ ਵਾਸਤਾ ਹੀ ਨਹੀਂ।
ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਪਿਛਲੇ ਕੁੱਝ ਹਫ਼ਤਿਆਂ ਤੋਂ ਇਥੇ ਆ ਕੇ ਇਥੋਂ ਦੇ ਮੁੱਖ ਸੇਵਾਦਾਰ ਨਾਲ ਗੱਲ ਕਰ ਕੇ ਇਥੇ ਹੁੰਦੇ ਕਰਮ ਕਾਂਡਾਂ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਫ਼ਸੋਸ ਇਥੋਂ ਦੀ ਗੱਦੀ 'ਤੇ ਬੈਠੇ ਉਕਤ ਮੁੱਖ ਸੇਵਾਦਾਰ ਨੇ ਉਨ੍ਹਾਂ ਨਾਲ ਇਕ ਵਾਰ ਵੀ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਕਿ ਪੀਰਾਂ ਦੇ ਦਰਬਾਰ ਮੁਕਾਬਲੇ ਇਥੇ ਦੇ ਮੁੱਖ ਸੇਵਾਦਾਰ ਦਾ ਗੱਦੀ ਲਗਾਉਣ ਵਾਲਾ ਕਮਰਾ ਕਿਤੇ ਜ਼ਿਆਦਾ ਆਲੀਸ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਦਰਗਾਹ 'ਤੇ ਨਤਮਸਤਕ ਹੋਣ ਲਈ ਆਉਣ ਵਾਲੇ ਆਮ ਸ਼ਰਧਾਲੂਆਂ ਨੂੰ ਫੁਲੀਆਂ ਵਾਲਾ ਪ੍ਰਸ਼ਾਦ ਜਦ ਕਿ ਬਾਬੇ ਨੂੰ ਗੱਦੀ ਵਾਲੇ ਕਮਰੇ ਅੰਦਰ ਮਿਲਣ ਵਾਲੇ ਖ਼ਾਸ ਸ਼ਰਧਾਲੂਆਂ ਨੂੰ ਮੇਵੇ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਥੇ ਇਕ ਧੁਣਾ ਲਗਾ ਕਿ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਧੁਣੇ ਦੀ ਰਾਖ਼ ਦੀਆਂ ਪੂੜੀਆਂ ਇਹ ਮੰਤਰ ਮਾਰ ਕਿ ਲੋਕਾਂ ਨੂੰ ਦਿੰਦੇ ਹਨ ਜੋ ਇਸ ਧਰਮ ਦੇ ਉਲਟ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਧਾਰਮਕ ਸਥਾਨ 'ਤੇ ਇਕ ਅਜਿਹੀ ਸਾਂਝੀ ਕਮੇਟੀ ਬਣਾਈ ਜਾਵੇ ਜਿਸ ਵਿਚ ਮੁਸਲਮਾਨਾਂ ਤੋਂ ਇਲਾਵਾ ਸਿੱਖਾਂ ਨੂੰ ਵੀ ਮੈਂਬਰ ਬਣਾਇਆ ਜਾਵੇ।
ਇਸ ਮਸਲੇ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਅਜਿਹੇ ਪਾਖੰਡੀ ਬਾਬਿਆਂ ਕੋਲੋਂ ਲੋਕਾਂ ਨੂੰ ਸੁਚੇਣ ਹੋਣਾ ਚਾਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨਾਲ ਗੱਲ ਕਰਨਗੇ ਅਤੇ ਇਸ ਮਾਮਲੇ ਦੀ ਪੂਰੀ ਪੜਤਾਲ ਕਰਵਾਈ ਜਾਵੇਗੀ। ਇਸ ਸਬੰਧੀ ਗੱਲਬਾਤ ਕਰਨ ਲਈ ਦਰਗਾਹ ਦੇ ਮੁੱਖ ਸੇਵਾਦਾਰ ਨੂੰ ਵਾਰ ਵਾਰ ਫ਼ੋਨ ਕੀਤਾ ਪਰ ਉਨਾਂ ਫ਼ੋਨ ਨਹੀ ਚੁਕਿਆ।