
ਸੌਦਾ ਸਾਧ ਵਿਰੁਧ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਪਹਿਰਾ ਦਿੰਦਿਆਂ 2008 ਵਿਚ ਸ਼ਹੀਦ ਹੋਏ ਭਾਈ ਹਰਮਿੰਦਰ ਸਿੰਘ ਡੱਬਵਾਲੀ ਦੀ 10ਵੀਂ ....
ਡੱਬਵਾਲੀ, ਸੌਦਾ ਸਾਧ ਵਿਰੁਧ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਪਹਿਰਾ ਦਿੰਦਿਆਂ 2008 ਵਿਚ ਸ਼ਹੀਦ ਹੋਏ ਭਾਈ ਹਰਮਿੰਦਰ ਸਿੰਘ ਡੱਬਵਾਲੀ ਦੀ 10ਵੀਂ ਬਰਸੀ ਗੁਰਦੁਆਰਾ ਬਾਬਾ ਵਿਸ਼ਕਰਮਾ ਮੰਡੀ ਡੱਬਵਾਲੀ ਵਿਖੇ ਸ਼ਰਧਾ ਨਾਲ ਮਨਾਈ ਗਈ। ਇਸ ਸ਼ਹੀਦੀ ਸਮਾਗਮ ਦਾ ਪ੍ਰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਵਲੋਂ ਸਿੱਖ ਸੰਗਤਾਂ ਅਤੇ ਦਮਦਮੀ ਟਕਸਾਲ ਅਜਨਾਲਾ ਦੇ ਸਹਿਯੋਗ ਨਾਲ ਕੀਤਾ ਗਿਆ।
ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਢਾਡੀ ਕਥਾਵਾਚਕ ਜਥਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਿਆ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਭਾਈ ਹਰਮਿੰਦਰ ਸਿੰਘ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸੌਦਾ ਸਾਧ ਵਲੋਂ ਕੀਤੇ ਸਿੱਖ ਪ੍ਰੰਪਰਾਵਾਂ ਸਿੱਖ ਨੌਜਵਾਨਾਂ ਦੇ ਕਤਲ ਬਾਰੇ ਵੀ ਜਾਣਕਾਰੀ ਦਿਤੀ।
ਦਾਦੂਵਾਲ ਨੇ ਕਿਹਾ ਕਿ ਭਾਈ ਹਰਮਿੰਦਰ ਸਿੰਘ ਡੱਬਵਾਲੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਚ ਸ਼ਹੀਦ ਪਰਵਾਰ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਅਜੇ ਤਕ ਸ਼੍ਰੋਮਣੀ ਕਮੇਟੀ ਨੇ ਨਹੀ ਲਗਾਈ। ਜਦੋਂ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲਿਆਂ ਦੀ ਫ਼ੋਟੋ ਉਥੇ ਲਗਾਈ ਹੋਈ ਹੈ ਜੋ ਕਿ ਬਾਦਲਾਂ ਦੀ ਸੌਦਾ ਸਾਧ ਨਾਲ ਯਾਰੀ ਦੀ ਪ੍ਰਤੱਖ ਮਿਸਾਲ ਹੈ
ਪਰ ਜਦੋਂ ਗੁਰਧਾਮਾਂ ਤੋਂ ਨਰੈਣੂ ਮਹੰਤ ਦੇ ਵਾਰਸ ਬਾਦਲਾਂ ਦਾ ਕਬਜ਼ਾ ਹਟਾ ਕੇ ਭਾਈ ਲਾਲੋ ਦੇ ਵਾਰਸਾਂ ਦਾ ਪ੍ਰਬੰਧ ਹੋਵੇਗਾ ਤਾਂ ਸ਼ਹੀਦ ਭਾਈ ਹਰਮੰਦਰ ਸਿੰਘ ਦੀ ਯਾਦ ਵਿਚ ਇਕ ਯਾਦਗਾਰੀ ਗੇਟ ਡੱਬਵਾਲੀ ਵਿਚ ਪਰਵਾਰ ਦੀ ਸਾਲਾਹ ਨਾਲ ਢੁਕਵੀਂ ਜਗ੍ਹਾਂ ਪੰਥ ਵਲੋਂ ਉਸਾਰਿਆ ਜਾਵੇਗਾ। ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ,
ਭਾਈ ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ, ਬਾਪੂ ਮਹਿੰਦਰ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਜਰਨਲ ਸਕੱਤਰ ਯੂਨਾਈਟਿਡ ਅਕਾਲੀ ਦਲ , ਪਰਮਜੀਤ ਸਿੰਘ ਸਹੌਲੀ ਪਰਧਾਨ ਸੁਤੰਤਰ ਅਕਾਲੀ ਦਲ, ਬੀਬੀ ਸੋਹਨਜੀਤ ਕੌਰ ਮਾਤਾ ਗੂਜਰੀ ਸਹਾਰਾ ਟਰੱਸਟ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।