
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਦਾਂ ਸਮੋਈ ਬੈਠਾ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਕਈ ਵਾਰ ਚਰਚਾ ਦਾ ਵਿਸ਼ਾ ਬਣਿਆ..............
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਦਾਂ ਸਮੋਈ ਬੈਠਾ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਕਈ ਵਾਰ ਚਰਚਾ ਦਾ ਵਿਸ਼ਾ ਬਣਿਆ ਪਰ ਹੈਰਾਨੀ ਦੀ ਗੱਲ ਹੈ ਕਿ 72 ਸਾਲਾਂ ਤੋਂ ਜ਼ਿਆਦਾ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਿਰਫ਼ ਤਿੰਨ ਕਿਲੋਮੀਟਰ ਲਾਂਘੇ ਦਾ ਮੁੱਦਾ ਨਹੀਂ ਸੁਲਝਾ ਸਕੀਆਂ। ਕੁੱਝ ਸਾਲ ਪਹਿਲਾਂ ਸਿੱਖ ਸੰਗਤ ਦੀ ਮੰਗ 'ਤੇ ਭਾਰਤ ਸਰਕਾਰ ਨੇ ਬੀ.ਐਸ.ਐਫ਼ ਦੀ ਸਹਿਮਤੀ ਨਾਲ ਇਸ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਵਾਨ ਸੰਗਤ ਨੂੰ ਕੰਡਿਆਲੀ ਤਾਰ ਤਕ ਜਾਣ ਦੀ ਇਜਾਜ਼ਤ ਦਿਤੀ ਸੀ, ਜਿਥੇ ਦੂਰਬੀਨ ਰਾਹੀਂ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਯੂ.ਐਨ.ਓ. ਇਸ ਮਾਮਲੇ 'ਚ ਸਿੱਖਾਂ ਨੂੰ ਕੋਈ ਵੱਡੀ ਰਾਹਤ ਨਹੀਂ ਦਿਵਾ ਸਕਿਆ। ਯੂਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ ਜਿਥੇ ਸੱਭ ਦੇਸ਼ਾਂ ਦੇ ਪ੍ਰਤੀਨਿਧ ਯੂ.ਐਨ.ਓ. 'ਚ ਅਪਣੇ ਦੇਸ਼ਾਂ ਦੇ ਮਾਮਲੇ ਵਿਚਾਰਦੇ ਹਨ ਪਰ ਯੂ.ਐਨ.ਓ. ਵਲੋਂ ਅਜੇ ਤਕ ਸਿਰਫ਼ 3 ਕਿਲੋਮੀਟਰ ਦੇ ਲਾਂਘੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਤਕ ਵੱਖ-ਵੱਖ ਸਿਆਸੀ ਆਗੂਆਂ ਅਤੇ ਸਰਕਾਰਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਸਿਰਫ਼ ਇੰਨਾ ਹੀ ਬੂਰ ਪਿਆ ਹੈ ਕਿ ਹੁਣ ਭਾਰਤ ਨਾਲ ਸਬੰਧਤ ਸੰਗਤਾਂ ਡੇਰਾ ਬਾਬਾ ਨਾਨਕ ਤੋਂ ਕਰੀਬ ਇਕ ਕਿਲੋਮੀਟਰ ਦੂਰ ਸਰਹੱਦ 'ਤੇ ਜਾ ਕੇ ਦੂਰਬੀਨ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ।
ਹੁਣ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਡੇਰਾ ਬਾਬਾ ਨਾਨਕ ਤੋਂ ਕੋਈ ਵੀ ਸਿੱਧਾ ਰਸਤਾ ਨਹੀਂ। ਜਾਣਕਾਰੀ ਅਨੁਸਾਰ 1999 'ਚ ਵੀ ਇਸ ਸਥਾਨ 'ਤੇ ਪੁਲ ਅਤੇ ਰਸਤਾ ਬਣਨ ਦਾ ਮੁੱਦਾ ਗਰਮਾਇਆ ਸੀ। ਇਸ ਤੋਂ ਬਾਅਦ ਕਈ ਵਾਰ ਇਹ ਮੰਗ ਉਠਦੀ ਰਹੀ ਅਤੇ ਪਿਛਲੇ ਸਾਲ ਵੀ 7 ਲੋਕ ਸਭਾ ਮੈਂਬਰਾਂ 'ਤੇ ਆਧਾਰਤ ਕੇਂਦਰੀ ਸਟੈਂÎਡਿੰਗ ਕਮੇਟੀ ਤੋਂ ਇਲਾਵਾ ਇਸ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਸ ਸਥਾਨ ਦਾ ਜਾਇਜ਼ਾ ਲਿਆ ਗਿਆ ਸੀ। ਪਰ ਇਸ ਦੇ ਬਾਵਜੂਦ ਅਜੇ ਤਕ ਇਹ ਮਾਮਲਾ ਇਕ ਤਰ੍ਹਾਂ ਨਾਲ ਠੰਢੇ ਬਸਤੇ 'ਚ ਪਿਆ ਹੋਇਆ ਹੈ।
ਹੁਣ ਨਵਜੋਤ ਸਿੰਘ ਸਿੱਧੂ ਜੋ ਕਿ ਪਾਕਿਸਤਾਨ ਫੇਰੀ ਦੌਰਾਨ ਜਨਰਲ ਬਾਜਵਾ ਨੂੰ ਮਿਲਣ ਤੇ ਇਹ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇਗਾ ਜਿਸ ਨਾਲ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਦੀ ਨਜ਼ਰ ਇਕ ਵਾਰ ਫਿਰ ਤੋਂ ਕਰਤਾਰਪੁਰ ਲਾਂਘੇ ਦਾ ਰਸਤਾ ਖੋਲ੍ਹਣ 'ਤੇ ਆ ਗਈਆਂ ਹਨ। ਦੇਖਣਾ ਇਹ ਹੈ ਕਿ ਆਉਂਦੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਨੂੰ ਦਿਤੀ ਸਿਆਸੀ ਰੰਗਤ ਕੀ ਰੰਗ ਲਿਆਉਂਦੀ ਹੈ।