
ਬੈਂਚ ਨੇ ਕਿਹਾ ਹੈ ਕਿ ਕਿਉਂਕਿ ਇਹ ਮਾਮਲਾ ਵੀ ਬੇਅਦਬੀ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਮਾਮਲਿਆਂ ਦੀ ਜਾਂਚ ਵੀ ਸਿੱਟਾਂ ਕਰ ਰਹੀਆਂ ਹਨ,
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਪ੍ਰੇਮੀ ਮੋਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ਵਿੱਚ ਹੋਏ ਕਤਲ ਦੇ ਮਾਮਲੇ ਦੀ ਜਾਂਚ ਲਈ ਨਵੀਂ ਸਿੱਟ ਬਣਾਉਣ ਦੀ ਹਦਾਇਤ ਕੀਤੀ ਹੈ। ਬੈਂਚ ਨੇ ਕਿਹਾ ਹੈ ਕਿ ਕਿਉਂਕਿ ਇਹ ਮਾਮਲਾ ਵੀ ਬੇਅਦਬੀ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਮਾਮਲਿਆਂ ਦੀ ਜਾਂਚ ਵੀ ਸਿੱਟਾਂ ਕਰ ਰਹੀਆਂ ਹਨ, ਲਿਹਾਜਾ ਇਸ ਮਾਮਲੇ ਦੀ ਜਾਂਚ ਏਡੀਜੀਪੀ ਪੱਧਰ ਦੇ ਪੁਲਿਸ ਅਫਸਰ ਦੀ ਅਗਵਾਈ ਹੇਠਲੀ ਸਿੱਟ ਬਣਾਈ ਜਾਵੇ।
ਜ਼ਿਕਰਯੋਗ ਹੈ ਕਿ ਬਿੱਟੂ ਦੇ ਘਰ ਵਾਲਿਆਂ ਨੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਰਾਹੀਂ ਪਟੀਸ਼ਨ ਦਾਖਲ ਕਰਕੇ ਦੋਸ਼ ਲਗਾਇਆ ਸੀ ਕਿ ਇਸ ਮਾਮਲੇ ਵਿੱਚ ਜਾਂਚ ਸਹੀ ਨਹੀਂ ਹੋਈ ਹੈ ਤੇ ਜਾਂਚ ਸੀਬੀਆਈ ਕੋਲੋਂ ਕਰਵਾਈ ਜਾਵੇ। ਬਿੱਟੂ ਨੇ ਇੱਕ ਡਾਇਰੀ ਲਿਖੀ ਸੀ ਤੇ ਇਸ ਡਾਇਰੀ ਨੂੰ ਜਾਂਚ ਦਾ ਹਿੱਸਾ ਨਹੀਂ ਬਣਾਇਆ ਗਿਆ ਤੇ ਜੇਕਰ ਡਾਇਰੀ ਨੂੰ ਜਾਂਚ ਦਾ ਹਿੱਸਾ ਬਣਾਇਆ ਜਾਂਦਾ ਤਾਂ ਵੱਡੇ ਖੁਲਾਸੇ ਹੋਣੇ ਸੀ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਜਿਸ ਡਾਇਰੀ ਦੀ ਗੱਲ ਕੀਤੀ ਜਾ ਰਹੀ ਹੈ, ਉਹ ਖੁੱਲ੍ਹੇ ਪੰਨੇ ਹਨ ਤੇ ਨਾ ਤਾਂ ਕਾਗਜ਼ ਕੈਦੀ ਕੋਲ ਜਾ ਸਕਦਾ ਹੈ ਤੇ ਨਾ ਹੀ ਰਜਿਸਟਰ ਕਿਸੇ ਤਰੀਕੇ ਨਾਲ ਬਾਹਰ ਆ ਸਕਦਾ ਹੈ, ਲਿਹਾਜਾ ਸੀਬੀਆਈ ਜਾਂਚ ਦੀ ਲੋੜ ਨਹੀਂ ਹੈ। ਹੁਣ ਹਾਈਕੋਰਟ ਨੇ ਸੀਬੀਆਈ ਨੂੰ ਜਾਂਚ ਨਹੀਂ ਦਿੱਤੀ ਹੈ ਤੇ ਸਿੱਟ ਬਣਾਉਣ ਦੀ ਹਦਾਇਤ ਕੀਤੀ ਹੈ।