
ਨਵਜੀਤ ਸਿੰਘ ਸਹੋਤਾ ਫਿਜੀ ਪੁਲਿਸ ਦੇ ਕਰਾਊਨ ਨਾਲ ਦਸਤਾਰ ਸਜਾਉਣ ਵਾਲਾ ਪਹਿਲਾ ਸਿੱਖ ਸਿਪਾਹੀ ਬਣਿਆ
ਸੂਵਾ: ਟਾਪੂ ਦੇਸ਼ ਫ਼ਿਜੀ ਦੀ ਪੁਲਿਸ ਫੋਰਸ ਵਲੋਂ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ’ਚ ਬਦਲਾਅ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਨਵਜੀਤ ਸਿੰਘ ਸਹੋਤਾ ਫਿਜੀ ਪੁਲਿਸ ਦੇ ਕਰਾਊਨ ਨਾਲ ਦਸਤਾਰ ਸਜਾਉਣ ਵਾਲਾ ਪਹਿਲਾ ਸਿੱਖ ਸਿਪਾਹੀ ਬਣ ਗਿਆ ਹੈ। ਇਹ ਮੰਨਦੇ ਹੋਏ ਕਿ ਵੰਨ-ਸੁਵੰਨਤਾ ਅਤੇ ਸਮਾਵੇਸ਼ ਲਈ ਸਤਿਕਾਰ ਪੁਲਿਸ ਦੇ ਯਤਨਾਂ ਦੀ ਸਫਲਤਾ ਲਈ ਅਨਿੱਖੜਵਾਂ ਹਨ, ਕਾਰਜਕਾਰੀ ਪੁਲਿਸ ਕਮਿਸ਼ਨਰ ਜੂਕੀ ਫੋਂਗ ਚਿਊ ਨੇ ਅਧਿਕਾਰਤ ਫਿਜੀ ਪੁਲਿਸ ਕਰਾਵੂਨ ਦੇ ਨਾਲ ਪੱਗ ਬੰਨ੍ਹਣ ਨੂੰ ਮਨਜ਼ੂਰੀ ਦੇ ਦਿਤੀ।
20 ਸਾਲਾਂ ਦਾ ਪੁਲਿਸ ਕਾਂਸਟੇਬਲ ਸਹੋਤਾ ਓਪਨ ਮਾਰਕੀਟ ਭਰਤੀ ਮੁਹਿੰਮ ’ਚੋਂ ਚੁਣੇ ਜਾਣ ਮਗਰੋਂ, ਨਸੋਵਾ ’ਚ ਬੇਸਿਕ ਰਿਕਰੂਟਸ ਕੋਰਸ ਦੀ ਸਿਖਲਾਈ ’ਚੋਂ ਲੰਘ ਰਹੇ ਬੈਚ 66 ਦਾ ਇਕ ਮੈਂਬਰ ਹੈ। ਸਿੱਖੀ ਨੂੰ ਸਮਰਪਿਤ ਸਹੋਤਾ ਨੇ ਅਕੈਡਮੀ ’ਚ ਇਹ ਜਾਣਦੇ ਹੋਏ ਸ਼ਮੂਲੀਅਤ ਕੀਤੀ ਕਿ ਸਿਖਲਾਈ ਦੀਆਂ ਜ਼ਰੂਰਤਾਂ ਕਾਰਨ ਉਸ ਨੂੰ ਨਿੱਜੀ ਕੁਰਬਾਨੀਆਂ ਦੀ ਲੋੜ ਹੋਵੇਗੀ। ਫਿਜੀ ਪੁਲਿਸ ਨੇ ਇਕ ਬਿਆਨ ’ਚ ਕਿਹਾ, ‘‘ਹਾਲਾਂਕਿ, ਕਾਰਜਕਾਰੀ ਪੁਲਿਸ ਕਮਿਸ਼ਨਰ ਨੇ ਸਹੋਤਾ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ, ਅਧਿਕਾਰਤ ਫਿਜੀ ਪੁਲਿਸ ਕਰਾਊਨ ਨਾਲ ਪੱਗ ਬੰਨ੍ਹਣ ਨੂੰ ਮਨਜ਼ੂਰੀ ਦੇ ਦਿਤੀ।’’
ਕਮਿਸ਼ਨਰ ਚਿਊ ਨੇ ਕਿਹਾ ਕਿ ਇਹ ਕਦਮ ਸਮਾਨਤਾ ਅਤੇ ਵੰਨ-ਸੁਵੰਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਸੰਸਥਾ ਦੀ ਵਚਨਬੱਧਤਾ ਦਾ ਸਬੂਤ ਹੈ। ਸਟੈਨਲੀ ਬ੍ਰਾਊਨ ਦੀ ਇਕ ਕਿਤਾਬ, ‘ਫਿਜੀ ਪੁਲਿਸ ਫੋਰਸ ਦਾ ਇਤਿਹਾਸ’ ਅਨੁਸਾਰ 1910 ਦੇ ਦਹਾਕੇ ਦੇ ਸ਼ੁਰੂ ’ਚ ਪਹਿਲੇ ਸਿੱਖ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ। ਇਕ ਭਰਤੀ ਦੇ ਤੌਰ ’ਤੇ ਅਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਸਹੋਤਾ, ਜੋ ਫਿਜੀ ਦੇ ਉੱਤਰੀ ਡਿਵੀਜ਼ਨ ਦੇ ਡ੍ਰੇਕੇਤੀ ਪਿੰਡ ਤੋਂ ਹੈ, ਨੇ ਕਿਹਾ ਕਿ ਪਹਿਲਾਂ ਅਪਣੇ ਪਰਿਵਾਰ ਤੋਂ ਦੂਰ ਰਹਿਣਾ ਮੁਸ਼ਕਲ ਸੀ।
ਸਹੋਤਾ ਨੇ ਕਿਹਾ, ‘‘ਮੇਰੇ ਜੀਵਨ ’ਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਮੈਂ ਪ੍ਰੇਰਨਾ ਅਤੇ ਰੋਲ ਮਾਡਲ ਦੇ ਰੂਪ ’ਚ ਵੇਖਦਾ ਹਾਂ ਅਤੇ ਇਹ ਮੇਰਾ ਟੀਚਾ ਹੈ ਕਿ ਮੈਂ ਉਨ੍ਹਾਂ ਨੂੰ ਮਾਣ ਮਹਿਸੂਸ ਕਰਾਵਾਂ ਅਤੇ ਜਦੋਂ ਮੇਰੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਵਾਂਗ ਹੀ ਚੰਗਾ ਬਣਨਾ।’’ ਲੌਟੋਕਾ ਗੁਰਦੁਆਰੇ ਵਲੋਂ ਰੱਖੇ ਗਏ ਰੀਕਾਰਡਾਂ ਅਨੁਸਾਰ, ਸਿੱਖ ਮਜ਼ਦੂਰ ਪ੍ਰਣਾਲੀ ਦੇ ਅੰਤ ਸਮੇਂ ਫਿਜੀ ਪਹੁੰਚੇ ਅਤੇ ਜ਼ਿਆਦਾਤਰ ਖ਼ੁਦ ਨੂੰ ਕਿਸਾਨ, ਪੁਲਿਸ ਕਰਮਚਾਰੀ ਅਤੇ ਅਧਿਆਪਕ ਵਜੋਂ ਸਥਾਪਤ ਕੀਤਾ। ਫਿਜ਼ੀ ’ਚ ਸਿੱਖਾਂ ਵਲੋਂ ਬਣਾਇਆ ਗਿਆ ਪਹਿਲਾ ਸਕੂਲ ਬਾ ਜ਼ਿਲ੍ਹੇ ’ਚ ਖਾਲਸਾ ਹਾਈ ਸਕੂਲ ਸੀ ਅਤੇ 1922 ’ਚ ਬਣਿਆ ਸੁਵਾ ਗੁਰਦੁਆਰਾ ਸਭ ਤੋਂ ਪੁਰਾਣਾ ਹੈ।