20 ਦਸੰਬਰ ਤਕ ਸਿਰਫ਼ 7 ਲੱਖ ਵੋਟਰ ਫਾਰਮ ਭਰੇ ਗਏ
SGPC Elections: ਸਿੱਖਾਂ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰੰਬਧਕ ਕਮੇਟੀ ਦੇ ਜਨਰਲ ਹਾਊਸ ਵਾਸਤੇ ਚੋਣਾਂ ਹੁਣ ਜੂਨ-ਜੁਲਾਈ 2024 ’ਚ ਹੋਣ ਦੀ ਪੱਕੀ ਆਸ ਬੱਝੀ ਹੈ। ਢਾਈ ਸਾਲ ਪਹਿਲਾਂ ਇਕ ਜੁਲਾਈ 2021 ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਚਾਰਜ ਸੰਭਾਲਣ ਵਾਲੇ ਸੇਵਾ ਮੁਕਤ ਜਸਟਿਸ ਐਸ.ਐਸ.ਸਾਰੋਂ ਵਲੋਂ ਸਿੱਖ ਵੋਟਰ ਫਾਰਮ ਭਰਨ ਦੀ ਤਰੀਖ਼ 29 ਫ਼ਰਵਰੀ ਤਕ ਵਧਾਉਣ ਦੇ ਇਕ ਮਹੀਨੇ ਮਗਰੋਂ ਦਸਦਿਆਂ ਇਸ਼ਾਰਾ ਕੀਤਾ ਹੈ ਕਿ 15 ਨਵੰਬਰ ਤਕ ਸਿਰਫ਼ 1,32,332 ਵੋਟਰ ਫਾਰਮ ਭਰੇ ਗਏ ਸਨ ਜੋ ਵੱਧ ਕੇ 7 ਲੱਖ ਹੋ ਗਏ ਹਨ।
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ 20 ਦਸੰਬਰ ਤਕ ਸਿੱਖ ਪੁਰਸ਼ਾਂ ਤੇ ਬੀਬੀਆਂ ਨੇ ਵੋਟਾਂ ਬਣਾਉਣ ’ਚ ਕਾਫੀ ਦਿਲਚਸਪੀ ਦਿਖਾਈ ਹੈ ਪਰ ਇਕ ਮੋਟੇ ਅੰਦਾਜ਼ੇ ਮੁਤਾਬਕ ਪਿਛਲੇ ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਕੁੱਲ ਵੋਟਾਂ ਦਾ ਇਹ ਅੰਕੜਾ ਅਜੇ ਵੀ 15 ਤੋਂ 20 ਫ਼ੀ ਸਦੀ ਹੀ ਬਣਦਾ ਹੈ।
ਸਾਰੇ ਜ਼ਿਲ੍ਹਿਆਂ ਦੇ ਭਰੇ ਫਾਰਮਾਂ ਦੀ ਪੜਚੋਲ ਕਰਨ ਤੇ ਪਤਾ ਲੱਗਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੀਆਂ 13 ਸੀਟਾਂ ਤੋਂ ਸੱਭ ਤੋਂ ਵੱਧ 86498 ਵੋਟਰ ਫਾਰਮ ਭਰੇ ਗਏ ਜਦੋਂ ਕਿ ਪਠਾਨਕੋਟ ਜ਼ਿਲ੍ਹੇ ਤੋਂ ਸੱਭ ਤੋਂ ਘੱਟ 11972 ਫਾਰਮ ਭਰੇ ਗਏ।
ਨਵੇਂ ਪ੍ਰੋਗਰਾਮ ਅਨੁਸਾਰ ਮੁਢਲੀਆਂ ਵੋਟਰ ਲਿਸਟਾਂ 20 ਮਾਰਚ ਤਕ ਛਪਣਗੀਆਂ ਅਤੇ ਇਤਰਾਜ ਦੂਰ ਕਰਨ ਉਪਰੰਤ ਆਖ਼ਰੀ ਸਿੱਖ ਵੋਟਰ ਲਿਸਟਾਂ 3 ਮਈ ਨੂੰ ਛਪਣਗੀਆਂ ਤੇ ਆਸ ਹੈ ਕਿ ਲੋਕ ਸਭਾ ਚੋਣਾਂ ਮਈ-ਜੂਨ ’ਚ ਖ਼ਾਤਮੇ ਮਗਰੋਂ ਇਹ ਸਿੱਖ ਵੋਟਰ, ਅਪਣੇ ਅਧਿਕਾਰ ਦੀ ਵਰਤੋਂ ਜੂਨ ਜੁਲਾਈ 2024 ’ਚ ਹੀ ਕਰ ਸਕਣਗੇ। ਜਸਟਿਸ ਸਾਰੋਂ ਦਾ ਕਹਿਣਾ ਹੈ ਕਿ ਹਰਿਆਣਾ ਲਈ ਵੱਖਰੀ ਕਮੇਟੀ ਬਣਨ ਮਗਰੋਂ ਸ਼੍ਰੋਮਣੀ ਕਮੇਟੀ ਦੀਆਂ ਕੁੱਲ 120 ਸੀਟਾਂ ’ਚੋਂ 8 ਘੱਟ ਕੇ ਹੁਣ 112 ਸੀਟਾਂ ਹੀ ਰਹਿ ਗਈਆਂ ਹਨ ਜਿਨ੍ਹਾਂ ਤੋਂ 159 ਮੈਂਬਰ ਚੁਣੇ ਜਾਣੇ ਹਨ ਕਿਉਂਕਿ 47 ਸੀਟਾਂ ਦੋਹਰੀ ਮੈਂਬਰਸ਼ਿੱਪ ਵਾਲੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2011 ’ਚ ਚੋਣਾਂ ਹੋਈਆਂ ਸਨ ਅਤੇ 12 ਸਾਲ ਅਦਾਲਤੀ ਕੇਸਾਂ ’ਚ ਸਹਿਜਧਾਰੀ ਸਿੱਖ ਵੋਟਾਂ ਕੱਅਣ ਕਾਰਨ ਲੰਮੀ ਉਲਝਣ ਪਈ ਰਹੀ। ਆਜ਼ਾਦੀ ਮਗਰੋਂ ਸ਼੍ਰੋਮਣੀ ਕਮੇਟੀ ਚੋਣਾਂ 1953,1959,1964,1978,1996,2004 ਤੇ 2011 ’ਚ ਹੋਈਆਂ ਸਨ ਜਦੋਂ ਕਿ ਗੁਰਦਵਾਰਾ ਐਕਟ ਅਨੁਸਾਰ ਜਨਰਲ ਹਾਊਸ ਦੀ ਮਿਆਦ ਸਿਰਫ਼ 5 ਸਾਲ ਹੁੰਦੀ ਹੈ। ਚੋਣਾਂ ਨਾ ਹੋਣ ਦੀ ਸੂਰਤ ’ਚ ਪੁਰਾਣਾ ਹਾਊਸ ਹੀ ਕੰਮ ਕਰਦਾ ਹੈ ਅਤੇ ਪ੍ਰਧਾਨ ਸਮੇਤ ਕਾਰਜਕਾਰਨੀ ਕਮੇਟੀ ਹਰ ਸਾਲ ਨਵੰਬਰ ’ਚ ਚੁਣੀ ਜਾਂਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।