"ਇਨ੍ਹਾਂ ਕੋਲੋਂ ਕੀਰਤਨ ਨਾ ਕਰਵਾਉ ਅਰਥਾਤ ਗੁਰਬਾਣੀ ਦਾ ਗਾਇਨ ਨਾ ਕਰਨ ਦਿਉ!"
Panthak News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ ਵਿਚੋਂ ਛੇਕੇ ਹੋਏ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਦੇਸ਼-ਵਿਦੇਸ਼ ਵਿਚ ਕਿਸੇ ਵੀ ਗੁਰਮਤਿ ਸਮਾਗਮ ਦੇ ਮੰਚ ਦੀ ਵਰਤੋਂ ਨਾ ਕਰਨ ਦੇਣ ਸਬੰਧੀ ਸਿੱਖ ਸੰਗਤਾਂ ਨੂੰ ਹੁਕਮ ਜਾਰੀ ਕਰਦਿਆਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਹੈ ਕਿ ਸਿੱਖ ਪਰੰਪਰਾਵਾਂ ਅਨੁਸਾਰ ਜਦੋਂ ਤੱਕ ਉਹ ਗੁਰੂ-ਪੰਥ ਕੋਲੋਂ ਅਪਣੀ ਭੁੱਲ ਨਹੀਂ ਬਖਸ਼ਾ ਲੈਂਦਾ, ਉਦੋਂ ਤਕ ਉਹ ਕਿਸੇ ਵੀ ਧਾਰਮਕ ਸਮਾਗਮ ਦੇ ਮੰਚ ਉੱਤੇ ਨਾ ਚੜ੍ਹੇ।
ਨਿਰਪੱਖ ਸਿੱਖ ਦਰਸ਼ਕਾਂ ਦਾ ਕਹਿਣਾ ਹੈ ਕਿ ਸਿੱਖ ਪੁਜਾਰੀ ਸ਼ੇ੍ਰਣੀ ਭਾਵੇਂ ਆਪ ਬੁਰੀ ਤਰ੍ਹਾਂ ਸਿਆਸਤਦਾਨਾਂ ਦੀ ਗ਼ੁਲਾਮੀ ਕਰਦੀ ਨਜ਼ਰ ਆਉਂਦੀ ਹੈ ਪਰ 21ਵੀਂ ਸਦੀ ਵਿਚ ਆ ਕੇ ਵੀ ਦੁਨੀਆਂ ਦੇ ਬਾਕੀ ਸਾਰੇ ਧਰਮਾਂ ਦੀ ਪੁਜਾਰੀ ਸ਼ੇ੍ਰਣੀ ਨਾਲੋਂ , ਜ਼ਿਆਦਾ ਕੱਟੜ ਹੰਕਾਰੀ ਤੇ ਬਦਲਾਖੋਰ ਸਾਬਤ ਹੋ ਰਹੀ ਹੈ। ਇਸੇ ਲਈ ਸਿੱਖੀ ਹਰ ਪਾਸੋਂ ਖ਼ਤਰਿਆਂ ਵਿਚ ਘਿਰੀ ਹੋਈ ਹੈ ਪਰ ਪੁਜਾਰੀ ਸ਼ੇ੍ਰਣੀ ਨਾਲ ਆਪ ਕੁੱਝ ਕਰਦੀ ਹੈ, ਨਾ ਪੰਥ ਦਾ ਸਹੀ ਪ੍ਰਚਾਰ ਕਰਨ ਵਾਲਿਆਂ ਨੂੰ ਕੰਮ ਕਰਨ ਦੇਂਦੀ ਹੈ ਤੇ ਉਨ੍ਹਾਂ ਨਾਲੋਂ ਵੈਰ ਹੀ ਕਢਦੀ ਰਹਿੰਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਵੱਖ-ਵੱਖ ਸਮੇਂ ਗੁਮਰਾਹਕੁੰਨ ਪ੍ਰਚਾਰ ਕਰ ਕੇ ਸਿੱਖਾਂ ਅੰਦਰ ਗੁਰੂ-ਸਿਧਾਂਤਾਂ, ਇਤਿਹਾਸ, ਮਰਿਆਦਾ ਅਤੇ ਪਰੰਪਰਾਵਾਂ ਸਬੰਧੀ ਅਨੇਕ ਪ੍ਰਕਾਰ ਦੀਆਂ ਦੁਬਿਧਾਵਾਂ ਖੜ੍ਹੀਆਂ ਕਰਨ ਦੇ ਕੋਝੇ ਯਤਨਾਂ ਕਰਦਾ ਰਿਹਾ ਹੈ। 29 ਜਨਵਰੀ 2010 ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਕੇ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸਿੱਖ ਪੰਥ ਵਿਚੋਂ ਛੇਕ ਦਿਤਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਅਨੁਸਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੰਗਤਾਂ ਦੀਆਂ ਇਹ ਸ਼ਿਕਾਇਤਾਂ ਪੁੱਜੀਆਂ ਹਨ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਵਿਦੇਸ਼ ਤੋਂ ਪਰਤ ਕੇ ਅਗਲੇ ਦਿਨਾਂ ਵਿਚ ਭੋਪਾਲ ਅਤੇ ਕੁੱਝ ਹੋਰ ਥਾਵਾਂ ’ਤੇ ਗੁਰਮਤਿ ਸਮਾਗਮਾਂ ਵਿਚ ਕੀਰਤਨ ਕਰਨ ਲਈ ਆ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰਦੁਆਰਾ ਕਮੇਟੀਆਂ ਅਤੇ ਧਾਰਮਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਕਿਸੇ ਧਾਰਮਕ ਸਮਾਗਮ ਵਿਚ ਸੱਦ ਕੇ ਗੁਰੂ-ਪੰਥ ਦੇ ਦੇਣਦਾਰ ਨਾ ਬਣਨ।
ਨਾਲ ਹੀ ਉਨ੍ਹਾਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਕਿ ਸਿੱਖ ਪੰਥ ਵਿਚ ਦੁਫਾੜ ਅਤੇ ਫੁੱਟ ਪਾਉਣ ਦੀ ਨੀਅਤ ਨਾਲ ਧਾਰਮਕ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰੇ ਅਤੇ ਪੁਜਾਰੀਆਂ ਕੋਲ ਹੋ ਕੇ ਅਪਣੀ ਭੁੱਲ ਬਖਸ਼ਾਵੇ। ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਆਦੇਸ਼ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ।