
ਮੀਰੀ ਪੀਰੀ ਸੰਮੇਲਨ ਵਿਚ ਅੱਠ ਮਤੇ ਸਰਬਸੰਮਤੀ ਨਾਲ ਪਾਸ
ਨਿਹਾਲ ਸਿੰੰਘ ਵਾਲਾ : 1920 ਨਾ ਅਸੈਂਬਲੀ ਚੋਣਾਂ ਚਾਹੁੰਦੀ ਹੈ ਅਤੇ ਨਾ ਹੀ ਪਾਰਲੀਮੈਂਟ, ਅਸੀ ਤਾਂ ਸਿਰਫ਼ ਬਾਦਲ ਪ੍ਰਵਾਰ ਤੋਂ ਸਿੱਖਾਂ ਦੀ ਸਰਬਉੱਚ ਅਦਾਲਤ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਗਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ 1920 ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ ਵਿਚ ਕਰਵਾਏ ਗਏ ਮੀਰੀ ਪੀਰੀ ਸੰਮੇਲਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 1920 ਦੇ ਕੌਮੀ ਪ੍ਰਧਾਨ ਰਵੀਇੰਦਰ ਸਿੰਘ ਨੇ ਕੀਤਾ।
ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਮਿਆਦ ਖ਼ਤਮ ਹੋ ਚੁਕੀ ਹੈ, ਤੁਰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਮਹੰਤਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕਾਬਜ਼ ਬਾਦਲ ਪ੍ਰਵਾਰ ਨੂੰ ਲਾਂਬੇ ਕੀਤਾ ਜਾਵੇ। ਇਸ ਮੌਕੇ ਮੀਰੀ ਪੀਰੀ ਸੰਮੇਲਨ ਵਿਚ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ ਅਤੇ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਵਾ ਕਰਦਿਆਂ ਬੇਕਸੂਰ ਦੇਸ਼ ਦੇ ਜਵਾਨਾਂ ਦੀਆਂ ਜਾਨਾਂ ਲੈਣ ਵਾਲਿਆਂ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਉਨ੍ਹਾਂ ਸੰਮੇਲਨ ਵਿਚ ਅੱਠ ਮਤੇ ਪਾਸ ਕਰਦਿਆਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਕਰਤਾਰਪੁਰ ਲਾਂਘੇ ਵਿਚ ਲੱਤਾਂ ਫਸਾ ਰਹੀਆਂ ਹਨ, ਬਰਗਾੜੀ ਮੋਰਚਾ ਜੋ ਲੰਬਾ ਸਮਾਂ ਚਲਿਆ ਪਰ ਕੇਂਦਰ, ਪੰਜਾਬ ਸਰਕਾਰ ਅਤੇ ਬਾਦਲ ਪ੍ਰਵਾਰ ਤਿੰਨਾਂ ਨੇ ਜਿਸ ਢੰਗ ਨਾਲ ਤਿੰਨ ਮੰਗਾਂ ਮੰਨਣ ਤੋਂ ਬਿਨਾਂ ਸਰਕਾਰਾਂ ਨੇ ਮੋਰਚਾ ਚੁਕਵਾਇਆ ਜਿਸ ਤੋਂ ਸੰਗਤਾਂ ਵਿਚ ਭਾਰੀ ਨਿਰਾਸਤਾ ਹੈ। ਉਨ੍ਹਾਂ ਅਪਣੇ ਮਤੇ ਵਿਚ ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਰੱਖੀ। ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਪਾਸ ਕੀਤੇ ਮਤੇ ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਫ਼ਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜਨ ਲਈ ਵੀ ਸਰਕਾਰ ਨੂੰ ਆਖਿਆ।
ਆਗੂਆਂ ਨੇ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਪੰਜਾਬੀ ਨੂੰ ਸੂਬੇ ਦੇ ਸਾਰੇ ਅਦਾਰਿਆਂ ਵਿਚ ਪੂਰਨ ਰੂਪ ਵਿਚ ਪੰਜਾਬੀ ਭਾਸ਼ਾ ਲਾਗੂ ਕੀਤੀ ਜਾਵੇ। ਇਨ੍ਹਾਂ ਮਤਿਆਂ ਨੂੰ ਆਗੂਆਂ ਨੇ ਸੰਗਤਾਂ ਦੀ ਹਾਜ਼ਰੀ ਵਿਚ ਪ੍ਰਵਾਨ ਕੀਤਾ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸਿੱਖ ਜਥੇਬੰਦੀਆਂ, ਸਿੱਖ ਬੁੱਧੀਜੀਵੀ ਅਤੇ ਵਿਦਵਾਨਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।