
ਫਿਰ ਵੀ ਲੱਗੀ ਤਨਖ਼ਾਹ ਦੀ ਸੇਵਾ ਪੂਰੀ ਕਰਾਂਗਾ : ਰਾਜਿੰਦਰ ਸਿੰਘ ਪੁਜਾਰੀ
ਅੰਮ੍ਰਿਤਸਰ : ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਦੇ ਤਨਖ਼ਾਹੀਆ ਕਰਾਰ ਦਿਤੇ ਮੈਂਬਰ ਰਾਜਿੰਦਰ ਸਿੰਘ ਪੁਜਾਰੀ ਨੇ ਕਿਹਾ ਹੈ ਕਿ ਉਹ ਤਖ਼ਤ ਸਾਹਿਬ ਵਲੋਂ ਲੱਗੀ ਸੇਵਾ ਪੂਰੀ ਤਾਂ ਕਰਨਗੇ ਪਰ ਕੀ ਸਿੱਖ ਸ਼ਹੀਦਾਂ ਦੀ ਗੱਲ ਕਰਨੀ ਗੁਨਾਹ ਹੈ। ਅੱਜ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਰਾਜਿੰਦਰ ਸਿੰਘ ਪੁਜਾਰੀ ਨੇ ਕਿਹਾ ਕਿ ਉਨ੍ਹਾਂ ਇਹ ਹੀ ਕਿਹਾ ਸੀ ਕਿ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰ ਕੇ ਤਖ਼ਤ ਸਾਹਿਬ ਦੀ ਇਮਾਰਤ ਸ਼ਹੀਦ ਕਰ ਦਿਤੀ ਗਈ ਸੀ ਤੇ ਹਜ਼ਾਰਾਂ ਬੇਦੋਸ਼ੇ ਸਿੱਖ ਸ਼ਹੀਦ ਕਰ ਦਿਤੇ ਸਨ।
ਤਖ਼ਤ ਸਾਹਿਬ 'ਤੇ ਉਨ੍ਹਾਂ ਸ਼ਹੀਦਾਂ ਦੀ ਅਰਦਾਸ ਕਿਉਂ ਨਹੀਂ ਕੀਤੀ ਜਾਂਦੀ? ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਅਖੰਡ ਪਾਠ ਕਿਉਂ ਨਹੀਂ ਕੀਤਾ ਜਾਂਦਾ? ਮੇਰੀ ਕਹੀ ਇਸ ਗੱਲ 'ਤੇ ਇਹ ਸ਼ਬਦ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੂੰ ਚੰਗੇ ਨਹੀਂ ੱਲਗੇ ਤੇ ਉਨ੍ਹਾਂ ਇਸ ਨੂੰ ਪੰਥ ਦੀ ਨਿੰਦਾ ਅਤੇ ਅਪਸ਼ਬਦ ਵਰਤੇ ਜਾਣਾ ਕਿਹਾ। ਸ. ਪੁਜਾਰੀ ਨੇ ਸਵਾਲ ਕੀਤਾ ਕਿ ਕੀ ਸਿੱਖ ਸ਼ਹੀਦਾਂ ਦੀ ਗੱਲ ਕਰਨਾ ਪੰਥ ਦੀ ਨਿੰਦਾ ਹੈ ਜਾਂ ਅਪਸ਼ਬਦ ਹੈ। ਇਹ ਸਮਝ ਤੋਂ ਪਰੇ ਦੀ ਗੱਲ ਹੈ।