
ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਅਪਣੇ ਪਿਤਾ ਨੂੰ ਗਵਾ ਚੁਕੀ ਮਨਜੀਤ ਕੌਰ ਨੇ ਕਿਹਾ ਹੈ ਕਿ ਪੰਥ ਨੂੰ ਸਾਡੀ ਯਾਦ ਸਿਰਫ਼ ਚੋਣਾਂ ਵੇਲੇ ਹੀ.......
ਅੰਮ੍ਰਿਤਸਰ : ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਅਪਣੇ ਪਿਤਾ ਨੂੰ ਗਵਾ ਚੁਕੀ ਮਨਜੀਤ ਕੌਰ ਨੇ ਕਿਹਾ ਹੈ ਕਿ ਪੰਥ ਨੂੰ ਸਾਡੀ ਯਾਦ ਸਿਰਫ਼ ਚੋਣਾਂ ਵੇਲੇ ਹੀ ਆਉਂਦੀ ਹੈ। ਅੱਜ ਇਥੇ ਗੱਲ ਕਰਦਿਆਂ ਮਨਜੀਤ ਕੌਰ ਨੇ ਦਸਿਆ ਕਿ ਉਹ ਵਾਰ ਵਾਰ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਤਾਂ ਉਨ੍ਹਾਂ ''ਬੀਬਾ ਜੀ ਦੇਖਦਾਂ'' ਕਹਿ ਕੇ ਵਾਪਸ ਭੇਜ ਦਿਤਾ। ਪੰਜਾਬ ਕੈਬਨਿਟ ਵਿਚ ਬੇਹਦ ਪ੍ਰਭਾਵਸ਼ਾਲੀ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਤਾਂ ਉਨ੍ਹਾਂ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਕੁੱਝ ਕਰਨਗੇ।
ਮਨਜੀਤ ਕੌਰ ਨੇ ਦਸਿਆ ਕਿ ਪਾਰਲੀਮੈਂਟ ਵਿਚ 1984 ਦੇ ਕਤਲੇਆਮ ਤੇ ਸੱਭ ਤੋਂ ਵੱਧ ਅਵਾਜ਼ ਉਚੀ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਨੂੰ ਜਿੰਨੀ ਵਾਰ ਵੀ ਮਿਲਣ ਗਈ ਉਸ ਨੂੰ ਬਾਹਰੋਂ ਹੀ ਵਾਪਸ ਭੇਜ ਦਿਤਾ ਜਾਂਦਾ ਰਿਹਾ। ਮਨਜੀਤ ਕੌਰ ਨੇ ਦਸਿਆ ਕਿ ਉਸ ਦੇ ਪਿਤਾ ਚਰਨ ਸਿੰਘ ਨੂੰ ਹਮਲਾਵਾਰਾਂ ਨੇ ਗਲ ਵਿਚ ਟਾਇਰ ਪਾ ਕੇ ਸਾੜ ਦਿਤਾ। ਹਮਲਾਵਰ ਭੀੜ ਨੇ ਉਸ ਦੀ ਮਾਤਾ ਨੂੰ ਵੀ ਮਾਰ-ਕੁੱਟ ਕਰ ਕੇ ਜ਼ਖ਼ਮੀ ਕਰ ਦਿਤਾ। ਮਨਜੀਤ ਕੌਰ ਨੇ ਦਸਿਆ ਕਿ ਸਾਡਾ ਪ੍ਰਵਾਰ ਪੰਜਾਬ ਆ ਗਿਆ। ਪੰਥ ਨੇ ਕਦੇ ਵੀ ਸਾਡਾ ਹਾਲ ਜਾਣਨਾ ਜ਼ਰੂਰੀ ਨਾ ਸਮਝਿਆ।
ਹਾਲਾਂਕਿ ਉਹ ਹਰ ਸਿੱਖ ਜਥੇਬੰਦੀ ਤਕ ਪਹੁੰਚ ਕਰਦੀ ਰਹੀ। ਉਸ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਲੋਂ 1984 ਪੀੜਤਾਂ ਲਈ ਜਾਰੀ ਗ੍ਰਾਂਟ ਦੇ ਨਾਮ 'ਤੇ ਸਾਨੂੰ 2 ਲੱਖ ਰੁਪਏ ਮਿਲ ਸਕੇ। ਆਰਥਕ ਤੌਰ 'ਤੇ ਬੁਰੀ ਤਰ੍ਹਾਂ ਨਾਲ ਟੁਟ ਚੁਕੇ ਪ੍ਰਵਾਰ ਦੀ ਧੀ ਨੇ ਦਸਿਆ ਕਿ ਉਹ ਇਸ ਵੇਲੇ ਕੰਗਾਲੀ ਦੀ ਹਾਲਤ ਵਿਚੋਂ ਲੰਘ ਰਹੀ ਹੈ। ਘਰ ਦੀ ਛੱਤ ਡਿੱਗਣ ਵਾਲੀ ਹੈ ਤੇ ਘਰ ਦੀ ਹਾਲਤ ਇਹ ਹੈ ਕਿ ਸਾਡਾ ਘਰ ਗਲੀ ਤੋਂ ਨੀਵਾਂ ਹੋਣ ਕਾਰਨ ਗੰਦਾ ਪਾਣੀ ਭਰ ਜਾਂਦਾ ਹੈ। ਉਸ ਨੇ ਗੁਹਾਰ ਲਗਾਈ ਉਸ ਦੀ ਆਰਥਕ ਮਦਦ ਕੀਤੀ ਜਾਵੇ ਤਾਕਿ ਉਹ ਚੈਨ ਦੀ ਜ਼ਿੰਦਗੀ ਜੀਅ ਸਕੇ।