
ਸੁਪਰੀਮ ਕੋਰਟ ਵਲੋਂ ਦਸਤਾਰ 'ਤੇ ਸਵਾਲ ਚੁੱਕਣ ਦਾ ਮਾਮਲਾ
ਸੁਪਰੀਮ ਕੋਰਟ ਵਲੋਂ ਦਸਤਾਰ ਦੇ ਗੰਭੀਰ ਮਸਲੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਮਸਕਟ ਤੋਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਕ ਸਿੱਖ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਕੀ ਮੋਹਰ ਕੇਸਾ ਦੀ ਸੰਭਾਲ ਤਾਂ ਹੈ ਹੀ ਪਰ ਇਹ ਸਿੱਖਾਂ ਦਾ ਤਾਜ ਅਤੇ ਸਿੱਖੀ ਦੀ ਪਛਾਣ ਬਣ ਚੁੱਕੀ ਹੈ। ਜੇ ਅਦਾਲਤਾਂ ਹੀ, ਜਿਥੋਂ ਲੋਕਾਂ ਨੂੰ ਇਨਸਾਫ਼ ਮਿਲਣਾ ਹੈ, ਉਹੀ ਸਿਆਸਤ ਦੀ ਭੇਂਟ ਚੜ੍ਹ ਜਾਣ ਤਾਂ ਆਮ ਲੋਕ ਕਿਥੇ ਜਾਣਗੇ।
ਭਾਵੇਂ ਆਮਤੌਰ ਤੇ ਅਦਾਲਤਾਂ ਨੂੰ ਇਨਸਾਫ਼ ਦਾ ਮੰਦਰ ਮੰਨਿਆ ਜਾਂਦਾ ਹੈ ਪਰ ਜਿਸ ਤਰ੍ਹਾਂ ਦੇ ਸਵਾਲ ਭਾਰਤੀ ਨਿਆਂ ਪਾਲਿਕਾ ਸਬੰਧੀ ਖੜੇ ਹੋ ਰਹੇ ਹਨ, ਉਨ੍ਹਾਂ ਨਾਲ ਲੋਕਾਂ ਦਾ ਵਿਸ਼ਵਾਸ ਅਦਾਲਤਾਂ ਤੋਂ ਉਠ ਜਾਵੇਗਾ।
Giani Gurbachan Singh
ਉਨ੍ਹਾਂ ਕਿਹਾ ਕਿ ਜੇ ਸੁਪਰੀਮ ਕੋਰਟ ਵਲੋਂ ਦਸਤਾਰ ਸਬੰਧੀ ਕੋਈ ਇਤਰਾਜ਼ਯੋਗ ਫ਼ੈਸਲਾ ਆਵੇਗਾ ਤਾ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀਂ, ਉਹ ਫ਼ੈਸਲਾ ਕਿਸ ਤਰ੍ਹਾਂ ਕਰਨਗੇ। ਉਨ੍ਹਾਂ ਤੋਂ ਚੰਗੇ ਫ਼ੈਸਲੇ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ। ਜੇ ਜੱਜ ਨੇ ਸਿੱਖੀ ਸਰੂਪ ਬਾਰੇ ਅਤੇ ਸਿੱਖਾਂ ਦੀ ਦਸਤਾਰ ਦੀ ਆਨ-ਸ਼ਾਨ ਬਾਰੇ ਦੇਖਣਾ ਹੈ ਤਾਂ ਪਹਿਲਾ ਸਿੱਖ ਇਤਿਹਾਸ ਦੇ ਨਾਲ-ਨਾਲ ਭਾਰਤ ਦਾ ਇਤਿਹਾਸ ਵੀ ਪੜ੍ਹ ਲੈਣ ਕਿ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸਿੱਖਾਂ ਦੇ ਸਰੂਪ ਕਿਵੇਂ ਦੇ ਸਨ।