
ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਵਲੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕੀ ਵਿਖੇ ਬਾਬਾ ਹਰਨਾਮ ਸਿੰਘ ਅਤੇ ਸ਼੍ਰੋਮਣੀ ...
ਸੰਗਰੂਰ,ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਵਲੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕੀ ਵਿਖੇ ਬਾਬਾ ਹਰਨਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਕੁੱਝ ਵਿਅਕਤੀਆਂ ਦੀ ਹਾਜ਼ਰੀ ਵਿਚ ਪ੍ਰਚਾਰਕਾਂ ਨੂੰ ਖੁਲ੍ਹ ਕੇ ਮਾਰਨ ਦੀਆਂ ਧਮਕੀਆਂ ਦਿਤੀਆਂ।
ਇਸ ਦੀ ਨਿਖੇਧੀ ਕਰਦਿਆਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਕਿਹਾ ਕਿ 2 ਕੁ ਸਾਲ ਪਹਿਲਾਂ ਇਨ੍ਹਾਂ ਵਿਅਕਤੀਆਂ ਵਲੋਂ ਭਾਈ ਭੁਪਿੰਦਰ ਸਿੰਘ ਨੂੰ ਸ਼ਹੀਦ ਕਰ ਦਿਤਾ ਗਿਆ,
ਉਸ ਦੇ ਪਰਵਾਰ ਅਤੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ ਗਿਆ। ਇਹ ਲੋਕ ਜਦ ਕਿਸੇ ਨੂੰ ਧਮਕੀਆਂ ਦਿੰਦੇ ਹਨ ਤਾਂ ਅਗਲਾ ਇਨ੍ਹਾਂ ਦੇ ਪੈਰੀ ਪੈ ਜਾਂਦਾ ਹੈ। ਇਹ ਹਰ ਪ੍ਰਚਾਰਕ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਗੁਰਬਾਣੀ ਅਨੁਸਾਰ ਜੋ ਪ੍ਰਚਾਰਕ ਪ੍ਰਚਾਰ ਕਰਦਾ ਹੈ, ਉਸ ਦੀ ਆਵਾਜ਼ ਨੂੰ ਧਾਰਮਕ ਗੁੰਡਾਗਰਦੀ ਨਾਲ ਦਬਾਇਆ ਜਾਵੇ।
ਉਨ੍ਹਾਂ ਕਿਹਾ ਕਿ ਪਹਿਲਾਂ ਸਕੂਲਾਂ ਵਿਚ ਮਾਸਟਰ ਬੱਚਿਆਂ ਨੂੰ ਅਤੇ ਘਰਾਂ ਵਿਚ ਮਰਦ ਅਪਣੀਆਂ ਪਤਨੀਆਂ ਨੂੰ ਧੜਾਧੜ ਕੁੱਟ ਦਿੰਦੇ ਸਨ ਪਰ ਔਰਤਾਂ ਸਬਰ ਦਾ ਘੁੱਟ ਭਰ ਕੇ ਬਹਿ ਜਾਂਦੀਆਂ ਸਨ ਪਰ ਉਦੋਂ ਸਮਾਂ ਉਸੇ ਤਰ੍ਹਾਂ ਸੀ। ਹੁਣ ਨਾ ਮਾਸਟਰ ਕੁੱਟਦੇ ਹਨ ਅਤੇ ਨਾ ਹੀ ਕੋਈ ਵਿਅਕਤੀ ਅਪਣੀ ਪਤਨੀ ਤੇ ਹੱਥ ਚੁੱਕਦਾ ਹੈ ਕਿਉਂਕਿ ਕਾਨੂੰਨ ਦਾ ਡਰ ਬਹੁਤ ਜਿਆਦਾ ਹੈ। ਫਿਰ ਪ੍ਰਚਾਰਕਾਂ 'ਤੇ ਕਿਉਂ ਗੁੰਡਾਗਰਦੀ ਕੀਤੀ ਜਾਂਦੀ ਹੈ। ਜੇ ਉਹ ਸਕਿਊਰਿਟੀ ਰਖਦੇ ਹਨ ਤਾਂ ਸਾਨੂੰ ਸਰਕਾਰੀ ਸੰਤ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਵਿਚੋਂ ਉਪਰੋਕਤ ਲੋਕ ਪ੍ਰਚਾਰ ਬੰਦ ਕਰਵਾ ਰਹੇ ਹਨ। ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਦਸਿਆ ਕਿ ਉਨ੍ਹਾਂ ਦੀ ਗੁੰਡਾਗਰਦੀ ਕਾਰਨ ਮਾਹੌਲ ਖਰਾਬ ਨਾ ਹੋਵੇ ਇਸ ਲਈ ਅੰਮ੍ਰਿਤਸਰ ਅਤੇ ਤਰਨਤਾਰਨ ਵਿਖੇ ਹੋਣ ਵਾਲੇ ਗੁਰਮਤਿ ਸਮਾਗਮ ਮੁਲਤਵੀ ਕੀਤੇ ਗਏ। ਸਾਨੂੰ ਪ੍ਰਚਾਰ ਬੰਦ ਕਰਨ ਅਤੇ ਮੂੰਹ ਬੰਦ ਕਰਨ ਲਈ ਜਥੇਦਾਰ ਦੇ ਹੁਕਮਨਾਮਾਂ ਵੀ ਜੇਬ ਵਿਚ ਹੀ ਹੁੰਦਾ ਹੈ ਕੀ ਜੋ ਲੋਕ ਪ੍ਰਚਾਰਕਾਂ ਨੂੰ ਸ਼ਰੇਆਮ ਸ਼ੋਧਣ ਦੀਆਂ ਰੈਲੀਆਂ ਕਰ ਰਹੇ ਹਨ ਉਸ ਵਕਤ ਜਥੇਦਾਰਾਂ ਦੇ ਕੰਨ ਬੰਦ ਹੋ ਜਾਂਦੇ ਹਨ?
ਉਨ੍ਹਾਂ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਲੋਕਤਾਂਤਰਿਕ ਸਮੇਂ ਵਿਚ ਧਮਕੀਆਂ ਦੇਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਕਰੋਗੇ? ਉਨ੍ਹਾਂ ਕਿਹਾ ਕਿ ਭਾਈ ਅਮਰੀਕ ਸਿੰਘ ਦੀ ਪੱਗ ਉਤਾਰ ਕੇ ਉਸਦੇ ਸਿਰ ਵਿਚ ਕੜੇ ਮਾਰੇ ਗਏ ਅਤੇ ਖੁੱਲ੍ਹ ਕੇ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਕਿਹਾ ਕੀ ਜਥੇਦਾਰ ਨੇ ਛਬੀਲ ਲਗਾਉਣ ਅਤੇ ਪ੍ਰਚਾਰਕਾਂ ਦੀ ਵੱਖੀ ਵਿਚੋਂ 6 ਦੀਆਂ 6 ਗੋਲੀਆਂ ਲੰਘਾਉਣ ਦਾ ਐਲਾਨ ਕਰਨ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਹੋਵੇਗੀ।