
ਮੋਰਚੇ ਵਾਲੀ ਜਗ੍ਹਾ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਪਹੁੰਚੇ ਸਨ
ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਇਨਸਾਫ ਮੋਰਚਾ ਨੇ ਸਰਕਾਰ ਦੀ 6 ਮਹੀਨੇ ਦਾ ਹੋਰ ਸਮਾਂ ਦੇਣ ਦੀ ਮੰਗ ਨੂੰ ਠੂਕਰਾ ਦਿੱਤਾ ਹੈ। ਸੰਗਤ ਨੇ ਸਰਕਾਰ ਨੂੰ 6 ਮਹੀਨਿਆਂ ਦਾ ਵਾਧੂ ਸਮਾਂ ਨਹੀਂ ਦਿੱਤਾ ਹੈ। ਹੁਣ ਅਗਲੇ 7 ਦਿਨਾਂ ਬਾਅਦ ਮੋਰਚੇ ਵਿਚ ਵੱਡਾ ਸਮਾਗਮ ਹੋਵੇਗਾ, ਜਿਸ ਵਿਚ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ। 31 ਜੁਲਾਈ ਨੂੰ ਪੂਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦਾ ਇਕੱਠ ਕੀਤਾ ਜਾਵੇਗਾ।
ਅੱਜ ਇਨਸਾਫ਼ ਮੋਰਚੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਅਲਟੀਮੇਟਮ ਦਾ ਸਮਾਂ ਖ਼ਤਮ ਹੋ ਗਿਆ ਸੀ ਜਿਸ ਤੋਂ ਬਾਅਦ ਮੋਰਚੇ ਵਾਲੀ ਜਗ੍ਹਾ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਪਹੁੰਚੇ ਸਨ। ਜਿੱਥੇ ਕਾਫ਼ੀ ਸਮਾਂ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਹੋਈ। ਸਿੱਖ ਸੰਗਤ ਨੇ ਅਪਣਾ ਪੱਖ ਰੱਖਿਆ ਤੇ ਸਰਕਾਰ ਨੇ ਅਪਣੀਆਂ ਦਲੀਲਾਂ ਦਿੱਤੀਆਂ ਤੇ ਸਰਕਾਰ ਨੇ 6 ਮਹੀਨੇ ਦਾ ਹੋਰ ਸਮਾਂ ਮੰਗਿਆ ਸੀ ਪਰ ਸਿੱਖ ਸੰਗਤ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਸਿੱਖ ਸੰਗਤ ਨੇ ਕਿਹਾ ਹੈ ਕਿ ਉਹ 31 ਜੁਲਾਈ ਨੂੰ ਇਕੱਠ ਕਰਨਗੇ ਤੇ ਸਰਕਾਰ ਖਿਲਾਫ਼ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।