
ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ.........
ਅੰਮ੍ਰਿਤਸਰ : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਹੁਣ ਸੌਦਾ ਸਾਧ ਦੇ ਜੇਲ ਚਲੇ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਗੁਰੂ ਮੰਨਣ ਦਾ ਐਲਾਨ ਕਰ ਦੇਣ ਕਿਉਂਕਿ ਸੌਦਾ ਸਾਧ ਦੇ ਭਵਿੱਖ ਵਿਚ ਬਾਹਰ ਆਉਣ ਦੀ ਹੁਣ ਕੋਈ ਆਸ ਨਹੀਂ ਰਹਿ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਜੋ ਐਲਾਨ ਕੀਤਾ ਹੈ ਉਸ ਦਾ ਉਹ ਸੁਆਗਤ ਕਰਦੇ ਹਨ ਤੇ ਭਗਵੰਤ ਮਾਨ ਨੂੰ ਵਧਾਈ ਦਿੰਦੇ ਹਨ
ਜਦ ਕਿ ਬੀਬੀ ਹਰਸਿਮਰਤ ਕੌਰ ਬਾਦਲ ਤੇ ਉਸ ਦਾ ਭਰਾ ਬਿਕਰਮ ਸਿੰਘ ਮਜੀਠੀਆ ਸੀਨੀਅਰ ਬਾਦਲ ਦੇ ਉਲਟ ਕਹਿ ਰਹੇ ਹਨ ਕਿ ਭਗਵੰਤ ਮਾਨ ਨੇ ਸ਼ਰਾਬ ਨਹੀਂ ਛੱਡੀ ਉਹ ਝੂਠ ਬੋਲ ਰਿਹਾ ਹੈ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਹ ਤਾਂ ਬਾਦਲ ਪ੍ਰਵਾਰ ਦਾ ਮਾਮਲਾ ਹੈ ਪਰ ਉਹ ਸੁਖਬੀਰ ਸਿੰਘ ਬਾਦਲ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੇ ਹਨ ਕਿ ਜੇਕਰ ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦਾ ਬਾਦਲਾਂ ਨੂੰ ਇੰਨਾ ਫ਼ਿਕਰ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਐਲਾਨ ਕਰਨਾ ਚਾਹੀਦਾ ਹੈ ਕਿ ਉਸ ਨੇ ਸੌਦਾ ਸਾਧ ਨੂੰ ਅਪਣਾ ਗੁਰੂ ਮੰਣਨਾ ਛੱਡ ਦਿਤਾ ਹੈ ਕਿਉਂਕਿ ਹੁਣ ਸੌਦਾ ਸਾਧ ਦੇ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਹੋ ਗਏ ਹਨ।